DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਹੇਜ: ਕੀ ਕਰੋੜਪਤੀ ਨੇਤਾ ‘ਦਸਵੰਧ’ ਕੱਢਣਗੇ?

ਹੜ੍ਹ ਮਾਰੇ ਲੋਕਾਂ ਨੂੰ ਮਦਦ ਦੀ ਲੋੜ; ਪੰਜਾਬ ਦੇ 74 ਫ਼ੀਸਦੀ ਵਿਧਾਇਕ ਕਰੋੜਪਤੀ
  • fb
  • twitter
  • whatsapp
  • whatsapp
featured-img featured-img
ਸੁਲਤਾਨਪੁਰ ਲੋਧੀ ’ਚ ਹੜ੍ਹ ਦੀ ਮਾਰ ਹੇਠ ਆਏ ਲੋਕ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ਦੇ ਸਿਆਸੀ ਨੇਤਾ ਹੜ੍ਹ ਪੀੜਤਾਂ ਪ੍ਰਤੀ ਹੇਜ ਤਾਂ ਦਿਖਾ ਰਹੇ ਹਨ ਪ੍ਰੰਤੂ ਹਾਲੇ ਤੱਕ ਕੋਈ ਅਜਿਹਾ ਨੇਤਾ ਸਾਹਮਣੇ ਨਹੀਂ ਆਇਆ ਹੈ ਜਿਸ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਦਸਵੰਧ ਕੱਢਣ ’ਚ ਪਹਿਲ ਕੀਤੀ ਹੋਵੇ। ਪੰਜਾਬ ਵਿਧਾਨ ਸਭਾ ਦੇ ਇਸ ਵੇਲੇ 117 ਮੈਂਬਰਾਂ ’ਚੋ 87 ਵਿਧਾਇਕ/ਮੰਤਰੀ (74 ਫ਼ੀਸਦੀ) ਕਰੋੜਪਤੀ ਹਨ। ਇਨ੍ਹਾਂ ਕਰੋੜਪਤੀ ਵਿਧਾਇਕਾਂ/ਵਜ਼ੀਰਾਂ ਨੇ ਪੱਲਿਓਂ ਵਿੱਤੀ ਮਦਦ ਲਈ ਆਪਣੇ ਹੱਥ ਹੜ੍ਹ ਪੀੜਤਾਂ ਵੱਲ ਹਾਲੇ ਤੱਕ ਨਹੀਂ ਵਧਾਏ ਹਨ। ਸੂਬੇ ਦੇ ਸੱਤ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਲੋਕ ਘਰੋਂ ਬੇਘਰ ਹੋ ਚੁੱਕੇ ਹਨ ਅਤੇ ਪਸ਼ੂ ਧਨ ਅਤੇ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸਰਕਾਰੀ ਹੈਲੀਕਾਪਟਰ ਲੋਕਾਂ ਦੀ ਮਦਦ ਲਈ ਛੱਡਣ ਦੀ ਗੱਲ ਆਖੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਨਾਲ ਸੁਲਤਾਨਪੁਰ ਲੋਧੀ ’ਚ ਹੜ੍ਹਾਂ ਦਾ ਜਾਇਜ਼ਾ ਲਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਜਾ ਰਹੇ ਹਨ।

Advertisement

ਸੁਆਲ ਉੱਠਦਾ ਹੈ ਕਿ ਇਹ ਸਿਆਸੀ ਨੇਤਾ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਜੇਬ ’ਚੋਂ ਦਸਵੰਧ ਕੱਢ ਕੇ ਕੋਈ ਉਦਾਹਰਨ ਪੇਸ਼ ਕਰਨਗੇ ਜਾਂ ਨਹੀਂ। ਪੰਜਾਬ ਦੇ ਪੰਜ ਵਿਧਾਇਕ ਅਜਿਹੇ ਹਨ ਜਿਨ੍ਹਾਂ ਦੀ 50-50 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਹੈ। ‘ਆਪ’ ਪ੍ਰਧਾਨ ਅਮਨ ਅਰੋੜਾ ਦੀ ਇਸ ਵੇਲੇ 95.12 ਕਰੋੜ ਰੁਪਏ ਦੀ ਸੰਪਤੀ ਹੈ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ 36.19 ਕਰੋੜ ਰੁਪਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ 1.97 ਕਰੋੜ ਰੁਪਏ ਸੰਪਤੀ ਹੈ। ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ 15.11 ਕਰੋੜ ਰੁਪਏ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ 202.64 ਕਰੋੜ ਅਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਕੋਲ 125 ਕਰੋੜ ਰੁਪਏ ਦੀ ਸੰਪਤੀ ਹੈ। ਲੋਕ ਅਧਿਕਾਰ ਲਹਿਰ ਦੇ ਸੀਨੀਅਰ ਆਗੂ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਕਰੋੜਪਤੀ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਦਸਵੰਧ ਕੱਢ ਕੇ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਹਿਲ ਨਾਲ ਆਗੂਆਂ ਦੇ ਹੜ੍ਹ ਪੀੜਤਾਂ ਪ੍ਰਤੀ ਲਗਾਓ ਅਤੇ ਸੰਜੀਦਗੀ ਦਾ ਪਤਾ ਲੱਗੇਗਾ। ਸੁਖਬੀਰ ਬਾਦਲ ਨੇ ਕੁੱਝ ਥਾਵਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਡੀਜ਼ਲ ਇੰਜਣ ਅਤੇ ਤੇਲ ਆਦਿ ਦਿੱਤਾ ਹੈ ਪ੍ਰੰਤੂ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਨ੍ਹਾਂ ਇਹ ਮਦਦ ਨਿੱਜੀ ਤੌਰ ’ਤੇ ਕੀਤੀ ਹੈ ਜਾਂ ਪਾਰਟੀ ਦੇ ਖਾਤੇ ’ਚੋਂ ਕੀਤੀ ਗਈ ਹੈ। ਜਦੋਂ ਵੀ ਪੰਜਾਬ ਦੇ ਲੋਕਾਂ ’ਤੇ ਕੋਈ ਸੰਕਟ ਆਉਂਦਾ ਹੈ ਤਾਂ ਸਿਆਸੀ ਨੇਤਾ ਨਿੱਜੀ ਤੌਰ ’ਤੇ ਮਦਦ ਕਰਨ ਤੋਂ ਘੇਸਲ ਵੱਟ ਜਾਂਦੇ ਹਨ। ਜਦੋਂ ਦਿੱਲੀ ’ਚ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨ ਸ਼ਹੀਦ ਹੋ ਗਏ ਸਨ ਤਾਂ ਉਦੋਂ ਵੀ ਨੇਤਾਵਾਂ ਨੇ ਪੀੜਤ ਪਰਿਵਾਰਾਂ ਦੀ ਕੋਈ ਵਿੱਤੀ ਮਦਦ ਦੀ ਪਹਿਲ ਨਹੀਂ ਕੀਤੀ ਸੀ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ 5.36 ਕਰੋੜ ਦੀ ਸੰਪਤੀ ਦੇ ਮਾਲਕ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਕੋਲ 498.45 ਕਰੋੜ ਅਤੇ ਇਕ ਹੋਰ ਐੱਮਪੀ ਅਸ਼ੋਕ ਮਿੱਤਲ ਕੋਲ 91.34 ਕਰੋੜ ਦੀ ਜਾਇਦਾਦ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਕੋਲ 81.80 ਕਰੋੜ ਅਤੇ ਸੰਦੀਪ ਪਾਠਕ ਕੋਲ 4.30 ਕਰੋੜ ਰੁਪਏ ਦੀ ਸੰਪਤੀ ਹੈ। ਹੁਣੇ ਬਣੇ ਸੂਬੇ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਕੋਲ 498 ਕਰੋੜ ਦੀ ਸੰਪਤੀ ਹੈ।

Advertisement
×