DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਝੰਡੀ: ਰਾਜਿੰਦਰ ਗੁਪਤਾ ਦੀ ਬੱਲੇ ਬੱਲੇ

ਰਾਜ ਸਭਾ ’ਚ ਦੂਜੇ ਸਭ ਤੋਂ ਅਮੀਰ ਸੰਸਦ ਮੈਂਬਰ ਹੋਣਗੇ ਰਾਜਿੰਦਰ ਗੁਪਤਾ

  • fb
  • twitter
  • whatsapp
  • whatsapp
Advertisement

ਰਾਜ ਸਭਾ ਦੇ ਦੂਜੇ ਸਭ ਤੋਂ ਵੱਧ ਅਮੀਰ ਸੰਸਦ ਮੈਂਬਰ ਬਣਨ ਦਾ ਸਿਹਰਾ ਰਾਜਿੰਦਰ ਗੁਪਤਾ ਦੇ ਸਿਰ ਸਜਣਾ ਤੈਅ ਹੈ ਜੋ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਰਾਜਿੰਦਰ ਗੁਪਤਾ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ। ਪੰਜਾਬ ਵਿੱਚ ਰਾਜ ਸਭਾ ਦੀ ਇੱਕ ਸੀਟ ਲਈ ਚੋਣ ਦਾ ਨਤੀਜਾ 24 ਅਕਤੂਬਰ ਨੂੰ ਆਵੇਗਾ।

ਉਦਯੋਗਪਤੀ ਸੰਜੀਵ ਅਰੋੜਾ ਵੱਲੋਂ 1 ਜੁਲਾਈ ਨੂੰ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖਾਲੀ ਹੋਈ ਸੀ। ਹੁਣ ਰਾਜਿੰਦਰ ਗੁਪਤਾ ਦਾ ਰਾਜ ਸਭਾ ਮੈਂਬਰ ਬਣਨਾ ਤੈਅ ਹੈ। ਰਾਜ ਸਭਾ ਮੈਂਬਰ ਬਣਨ ਦੀ ਸੂਰਤ ’ਚ ਰਾਜਿੰਦਰ ਗੁਪਤਾ ਤੀਜੇ ਸਭ ਤੋਂ ਵੱਧ ਅਮੀਰ ਸੰਸਦ ਮੈਂਬਰ ਬਣ ਜਾਣਗੇ ਜਦਕਿ ਅਮੀਰੀ ਦੇ ਮਾਮਲੇ ’ਚ ਰਾਜ ਸਭਾ ’ਚ ਉਨ੍ਹਾਂ ਦਾ ਦੂਜਾ ਨੰਬਰ ਹੋਵੇਗਾ। ਰਾਜਿੰਦਰ ਗੁਪਤਾ ਨੇ ਰਾਜ ਸਭਾ ਮੈਂਬਰ ਬਣਨ ਲਈ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਨ ਮੌਕੇ ਆਪਣੀ ਜਾਇਦਾਦ ਦੇ ਵੇਰਵੇ ਵੀ ਦਾਖਲ ਕੀਤੇ ਹਨ। ਸੂਤਰਾਂ ਮੁਤਾਬਕ ਰਾਜਿੰਦਰ ਗੁਪਤਾ ਕਰੀਬ 4900 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਭਾਰਤੀ ਸੰਸਦ ਦੇ ਦੋਵੇਂ ਸਦਨਾਂ ’ਤੇ ਨਜ਼ਰ ਮਾਰੀਏ ਤਾਂ ਲੋਕ ਸਭਾ ’ਚ ਸਭ ਤੋਂ ਵੱਧ ਅਮੀਰ ਆਂਧਰਾ ਪ੍ਰਦੇਸ਼ ਦੇ ਤੇਲਗੂ ਦੇਸ਼ਮ ਪਾਰਟੀ ਦੇ ਡਾ. ਚੰਦਰ ਸ਼ੇਖਰ 5705 ਕਰੋੜ ਦੀ ਜਾਇਦਾਦ ਨਾਲ ਪਹਿਲੇ ਨੰਬਰ ’ਤੇ ਹਨ ਜਦਕਿ ਰਾਜ ਸਭਾ ਚ ਤਿਲੰਗਾਨਾ ਦੇ ਡਾ. ਬੀ. ਪਾਰਥਾਸਾਰਥੀ 5300 ਕਰੋੜ ਦੀ ਜਾਇਦਾਦ ਨਾਲ ਪਹਿਲੇ ਨੰਬਰ ’ਤੇ ਹਨ। ਦੋਵਾਂ ਸਦਨਾਂ ’ਚੋਂ ਰਾਜਿੰਦਰ ਗੁਪਤਾ ਅਜਿਹੇ ਤੀਜੇ ਸੰਸਦ ਮੈਂਬਰ ਹੋਣਗੇ ਜੋ ਸਭ ਤੋਂ ਵੱਧ ਦੌਲਤਮੰਦ ਹਨ।

Advertisement

ਰਾਜਿੰਦਰ ਗੁਪਤਾ ਦੇ ਸੰਸਦ ਮੈਂਬਰ ਬਣਨ ਨਾਲ ਰਾਜ ਸਭਾ ’ਚ ਅਰਬਪਤੀ ਮੈਂਬਰਾਂ ਦੀ ਗਿਣਤੀ 32 ਹੋ ਜਾਵੇਗੀ। ਇਸ ਤਰ੍ਹਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਨੂੰ ਵੀ ਪਿੱਛੇ ਛੱਡ ਦੇਵੇਗੀ। ਹੁਣ ਤੱਕ ਰਾਜ ਸਭਾ ’ਚ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਦੀ ਦੌਲਤ 1148 ਕਰੋੜ ਬਣਦੀ ਹੈ। ਰਾਜਿੰਦਰ ਗੁਪਤਾ ਦੇ ਸੰਸਦ ਮੈਂਬਰ ਬਣਨ ਨਾਲ ਇਹ ਅੰਕੜਾ 6000 ਕਰੋੜ ਨੂੰ ਪਾਰ ਕਰ ਜਾਵੇਗਾ।

Advertisement

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ’ਚ ਜਾਇਦਾਦ ਦੇ ਮਾਮਲੇ ਵਿੱਚ ਪੰਜਵੇਂ ਨੰਬਰ ’ਤੇ ਹਨ। ਰਾਜਿੰਦਰ ਗੁਪਤਾ ਦੇ ਸੰਸਦ ਮੈਂਬਰ ਬਣਨ ਨਾਲ ਪੰਜਾਬ ਸਿਰ ਵੀ ਸਭ ਅਮੀਰ ਸੰਸਦ ਮੈਂਬਰ ਚੁਣਨ ਦਾ ਤਾਜ ਸਜ ਜਾਵੇਗਾ।

ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਬਾਬਾ ਬਲਬੀਰ ਸਿੰਘ ਸੀਚੇਵਾਲ ਜਾਇਦਾਦ ਦੇ ਮਾਮਲੇ ਵਿੱਚ ਰਾਜ ਸਭਾ ’ਚ ਸਭ ਤੋਂ ਫਾਡੀ ਹਨ ਜਿਨ੍ਹਾਂ ਕੋਲ ਸਿਰਫ 3.79 ਲੱਖ ਰੁਪਏ ਦੀ ਜਾਇਦਾਦ ਹੈ। ਰਾਜ ਸਭਾ ’ਚ 20 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਵਾਲੇ ਸਿਰਫ਼ 9 ਮੈਂਬਰ ਹਨ ਜਦਕਿ 199 ਮੈਂਬਰ ਕਰੋੜਪਤੀ ਹਨ। ਰਾਜ ਸਭਾ ’ਚ ਭਾਜਪਾ ਦੇ 90 ਸੰਸਦ ਮੈਂਬਰਾਂ ਕੋਲ 3360 ਕਰੋੜ ਅਤੇ ਕਾਂਗਰਸ ਦੇ 28 ਸੰਸਦ ਮੈਂਬਰਾਂ ਕੋਲ 1139 ਕਰੋੜ ਰੁਪਏ ਦੀ ਜਾਇਦਾਦ ਹੈ। ਲੋਕ ਸਭਾ ਤੇ ਨਜ਼ਰ ਮਾਰੀਏ ਤਾਂ ਇਸ ਸਦਨ ’ਚ 93 ਫੀਸਦ ਮੈਂਬਰ ਕਰੋੜਪਤੀ ਹਨ ਜਦਕਿ 2019 ’ਚ 88 ਫੀਸਦੀ ਤੇ 2014 ’ਚ 82 ਫੀਸਦੀ ਸੰਸਦ ਮੈਂਬਰ ਕਰੋੜਪਤੀ ਸਨ।

Advertisement
×