ਜੰਮੂ ਕਸ਼ਮੀਰ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਨੀਤੀ ਸਪੱਸ਼ਟ ਨਹੀਂ: ਦੁੱਲਟ
ਖੁਸ਼ਵੰਤ ਸਿੰਘ ਸਾਹਿਤ ਉਤਸਵ ਦੇ ਦੂਜੇ ਦਿਨ ਜੰਮੂ ਕਸ਼ਮੀਰ ਬਾਰੇ ਚਰਚਾ; ਸਾਬਕਾ ਰਾਅ ਮੁਖੀ ਏ ਐੱਸ ਦੁੱਲਟ ਤੇ ਹਰਿੰਦਰ ਬਵੇਜਾ ਨੇ ਸੈਸ਼ਨਾਂ ਨੂੰ ਕੀਤਾ ਸੰਬੋਧਨ
ਖੁਸ਼ਵੰਤ ਸਿੰਘ ਸਾਹਿਤ ਉਤਸਵ ਦੇ ਦੂਜੇ ਦਿਨ ਅੱਜ ਇੱਥੇ ਹੋਏ ਵੱਖ ਵੱਖ ਸੈਸ਼ਨਾਂ ਦੌਰਾਨ ਜੰਮੂ ਕਸ਼ਮੀਰ ਵਿਚਾਰ-ਵਟਾਂਦਰੇ ਦਾ ਮੁੱਖ ਕੇਂਦਰ ਰਿਹਾ। ਇੱਕ ਸੈਸ਼ਨ ਵਿੱਚ ਖੁਫੀਆ ਏਜੰਸੀ ‘ਰਾਅ’ ਦੇ ਸਾਬਕਾ ਮੁਖੀ ਏ ਐੱਸ ਦੁੱਲਟ ਦੀ ਨਵੀਂ ਕਿਤਾਬ ‘ਦਿ ਸਪਾਈ ਕ੍ਰੋਨੀਕਲਜ਼’ ਬਾਰੇ ਚਰਚਾ ਕੀਤੀ ਗਈ। ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਅਤੇ ਦੁੱਲਟ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਜੰਮੂ ਕਸ਼ਮੀਰ ਵੱਲੋਂ ਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਦੇਸ਼ ਕੋਲ ਕਦੀ ਵੀ ਕੋਈ ਸਪੱਸ਼ਟ ਨੀਤੀ ਜਾਂ ਦ੍ਰਿਸ਼ਟੀ ਨਹੀਂ ਸੀ। ਦੁੱਲਟ ਨੇ ਕਿਹਾ ਕਿ ਮਹਾਰਾਜਾ ਹਰੀ ਸਿੰਘ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਅਬਦੁੱਲ੍ਹਾ ਪਰਿਵਾਰ ’ਚ ਭਰੋਸਾ ਪ੍ਰਗਟਾਉਣਾ ਹਮੇਸ਼ਾ ਚੁਣੌਤੀ ਭਰਿਆ ਰਿਹਾ। ਉਨ੍ਹਾਂ ਅੱਗੇ ਕਿਹਾ, ‘ਰਾਹ ਵਿੱਚ ਕਈ ਮੋੜ ਆਏ, ਪਰ ਦਿੱਲੀ ਕਦੇ ਵੀ ਜੰਮੂ ਕਸ਼ਮੀਰ ਨੂੰ ਆਪਣੇ ਕਲਾਵੇ ਵਿੱਚ ਨਹੀਂ ਲੈ ਸਕੀ। ਜੰਮੂ ਕਸ਼ਮੀਰ ਵਿੱਚ ਸ਼ਾਂਤੀ ਉਦੋਂ ਤੱਕ ਸਥਾਈ ਨਹੀਂ ਹੋਵੇਗੀ ਜਦੋਂ ਤੱਕ ਅਸੀਂ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰਦੇ।’
ਇੱਕ ਹੋਰ ਸੈਸ਼ਨ ਵਿੱਚ ਪੱਤਰਕਾਰ ਹਰਿੰਦਰ ਬਵੇਜਾ ਦੀ ਕਿਤਾਬ ‘ਇੰਕਿੰਗ ਏ ਮੈਮੋਇਰ’ ’ਤੇ ਚਰਚਾ ਹੋਈ ਜਿਸ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਜੰਮੂ ਕਸ਼ਮੀਰ ਦੀ ‘ਦਿਲ ਕੀ ਦੂਰੀ’ ਨੂੰ ‘ਦਿੱਲੀ ਸੇ ਦੂਰੀ’ ਨਹੀਂ ਬਣਨ ਦੇਣਾ ਚਾਹੀਦਾ। ਸੈਸ਼ਨ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨਾਲ ਗੱਲਬਾਤ ਕਰਦਿਆਂ ਬਵੇਜਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ਦੀ ਜ਼ਿਆਦਾ ਗਿਣਤੀ ਅਮਨ-ਸ਼ਾਂਤੀ ਦਾ ਸਿਰਫ਼ ਸਤਹੀ ਪ੍ਰਗਟਾਵਾ ਹੋਵੇਗੀ। ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਵਰਗੀਆਂ ਪਹਿਲਕਦਮੀਆਂ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਣਗੀਆਂ। ਬਵੇਜਾ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਬਦਨਾਮ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਆਬਾਦੀ ਦਾ ਇੱਕ ਵੱਡਾ ਹਿੱਸਾ ਜਾਣਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨੀ ਫੌਜਾਂ ਵੱਲੋਂ ਜੰਮੂ ਤੇ ਕਸ਼ਮੀਰ ’ਚ ਗੜਬੜੀ ਲਈ ਵਰਤਿਆ ਜਾ ਰਿਹਾ ਹੈ। ‘ਵਿਗਿਆਨ ਅਤੇ ਸੇਵਾ ਰਾਹੀਂ ਉਮੀਦ ਦੀ ਖੇਤੀ’ ਸਿਰਲੇਖ ਵਾਲੇ ਇੱਕ ਸੈਸ਼ਨ ਵਿੱਚ ਲੇਖਕ ਪ੍ਰਿਯੰਵਧ ਜੈਕੁਮਾਰ ਨੇ ਆਪਣੀ ਕਿਤਾਬ ‘ਦਿ ਮੈਨ ਹੂ ਫੈੱਡ ਇੰਡੀਆ’ ਦੇ ਆਧਾਰ ’ਤੇ ਐੱਮ ਐੱਸ ਸਵਾਮੀਨਾਥਨ ਦੇ ਜੀਵਨ ’ਤੇ ਚਰਚਾ ਕੀਤੀ। ਨਾਮਵਰ ਲੇਖਕ ਤੇ ਕਾਲਮਨਵੀਸ ਸ਼ੋਭਾ ਡੇ ਨੇ ਪੱਤਰਕਾਰੀ ਦੌਰਾਨ ਖੁਸ਼ਵੰਤ ਸਿੰਘ ਨਾਲ ਆਪਣੀ ਸਾਂਝ ਨੂੰ ਯਾਦ ਕਰਦਿਆਂ ਇਸ ਗੱਲ ’ਤੇ ਚਰਚਾ ਕੀਤੀ ਕਿ ਕੋਈ ਵੀ ਰਿਸ਼ਤਿਆਂ ਦੇ ਗੂੜ੍ਹੇ ਪੱਖ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਰੇਖਾ ਦੀ ਫਿਲਮ ‘ਉਮਰਾਓ ਜਾਨ’ ਦੁਬਾਰਾ ਰਿਲੀਜ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਲੀਆ ਫਿਲਮ ‘ਸੈਯਾਰਾ’ ਨੌਜਵਾਨ ਪੀੜ੍ਹੀ ਨੂੰ ਰੁਮਾਂਟਿਕ ਪਿਆਰ ਤੇ ਜਨੂੰਨ ਦੀ ਸ਼ਕਤੀ ਵੱਲ ਵਾਪਸ ਲਿਆਈ ਹੈ। ਉਨ੍ਹਾਂ ਇੱਕ ਹੋਰ ਫਿਲਮ ‘ਮਨਮਰਜ਼ੀਆਂ’ ਨੂੰ ਵੀ ਸ਼ਾਨਦਾਰ ਦੱਸਿਆ।