Police-Naxalite Encounter: ਛੱਤੀਸਗੜ੍ਹ ਵਿੱਚ ਮੁਕਾਬਲੇ ’ਚ 31 ਨਕਸਲੀ ਹਲਾਕ, 2 ਪੁਲੀਸ ਮੁਲਾਜ਼ਮ ਵੀ ਮਾਰੇ ਗਏ
ਇਸ ਘਟਨਾ ਨਾਲ ਸੂਬੇ ਵਿਚ ਇਸ ਸਾਲ ਦੌਰਾਨ ਸਲਾਮਤੀ ਦਸਤਿਆਂ ਹੱਥੋਂ ਮਾਰੇ ਗਏ ਮਾਓਵਾਦੀਆਂ ਦੀ ਗਿਣਤੀ ਵਧ ਕੇ 81 ਹੋਈ; ਦੇਸ਼ ’ਚੋਂ ਨਕਸਲਵਾਦ ਦਾ ਖ਼ਾਤਮਾ ਤੈਅ: ਮੁੱਖ ਮੰਤਰੀ ਸਾਈ
ਬੀਜਾਪੁਰ (ਛੱਤੀਸਗੜ੍ਹ), 9 ਫਰਵਰੀ
ਨਕਸਲੀਆਂ ਤੇ ਮਾਓਵਾਦੀਆਂ ਖ਼ਿਲਾਫ਼ ਇੱਕ ਵੱਡੇ ਆਪ੍ਰੇਸ਼ਨ ਵਿੱਚ ਪੁਲੀਸ ਨੇ ਐਤਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ (Chhattisgarh's Bijapur district) ਵਿੱਚ ਇੱਕ ਭਿਆਨਕ ਮੁਕਾਬਲੇ ਦੌਰਾਨ 31 ਨਕਸਲੀਆਂ ਨੂੰ ਹਲਾਕ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਦੋ ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ ਅਤੇ ਇੰਨੇ ਹੀ ਹੋਰ ਜ਼ਖਮੀ ਹੋ ਗਏ।
ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ (Chhattisgarh's Deputy Chief Minister Vijay Sharma) ਨੇ ਕਿਹਾ ਕਿ 650 ਤੋਂ ਵੱਧ ਸੁਰੱਖਿਆ ਕਰਮਚਾਰੀ ਵੱਖ-ਵੱਖ ਪਾਸਿਆਂ ਤੋਂ ਇੰਦਰਾਵਤੀ ਰਾਸ਼ਟਰੀ ਪਾਰਕ ਖੇਤਰ ਵਿੱਚ ਦਾਖਲ ਹੋਏ ਅਤੇ 31 ਨਕਸਲੀਆਂ ਨੂੰ ਉਨ੍ਹਾਂ ਦੇ ਲੁਕਣ ਵਾਲੇ ਸਥਾਨ ਵਿੱਚੋਂ ਖਤਮ ਕਰ ਦਿੱਤਾ। ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ (Chief Minister Vishnu Deo Sai) ਨੇ ਕਿਹਾ ਕਿ ਦੇਸ਼ ਅਤੇ ਰਾਜ ਵਿੱਚ ਨਕਸਲਵਾਦ ਦਾ ਅੰਤ ਤੈਅ ਹੈ। ਇਸ ਘਟਨਾ ਦੇ ਨਾਲ ਛੱਤੀਸਗੜ੍ਹ ਵਿੱਚ ਇਸ ਸਾਲ ਦੌਰਾਨ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਹੱਥੋਂ 81 ਨਕਸਲੀ ਮਾਰੇ ਜਾ ਚੁੱਕੇ ਹਨ।
ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਸੁੰਦਰਰਾਜ ਪੀ ਨੇ ਕਿਹਾ ਕਿ ਤਾਜ਼ਾ ਗੋਲੀਬਾਰੀ ਸਵੇਰੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਇੱਕ ਜੰਗਲ ਵਿੱਚ ਹੋਈ ਜਦੋਂ ਵੱਖ-ਵੱਖ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ 'ਤੇ ਨਿਕਲੀ ਹੋਈ ਸੀ।
ਉਨ੍ਹਾਂ ਦੱਸਿਆ, "ਹੁਣ ਤੱਕ ਮੁਕਾਬਲੇ ਵਾਲੀ ਥਾਂ ਤੋਂ 'ਵਰਦੀ' ਪਹਿਨੀਂ 31 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੌਕੇ ਤੋਂ AK-47, INSAS, SLR ਅਤੇ .303 ਰਾਈਫਲਾਂ ਅਤੇ ਬੈਰਲ ਗ੍ਰੇਨੇਡ ਲਾਂਚਰ (BGL) ਸਮੇਤ ਹਥਿਆਰਾਂ ਦਾ ਇੱਕ ਵੱਡਾ ਭੰਡਾਰ ਅਤੇ ਵਿਸਫੋਟਕ ਵੀ ਜ਼ਬਤ ਕੀਤੇ ਗਏ ਹਨ।"
ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿੱਚ ਦੋ ਸੁਰੱਖਿਆ ਕਰਮਚਾਰੀ ਮਾਰੇ ਗਏ, ਜਿਨ੍ਹਾਂ ਵਿੱਚੋਂ ਇੱਕ ਰਾਜ ਡੀਆਰਜੀ ਅਤੇ ਦੂਜਾ ਐਸਟੀਐਫ ਦਾ ਸੀ। ਇਸ ਤੋਂ ਇਲਾਵਾ ਦੋ ਹੋਰ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਹਨ। -ਪੀਟੀਆਈ