ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਪਣਾ ਅਕਸ ਬਚਾਉਣ ਲਈ ਫ਼ੌਜ ਵਰਤਣ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇ ਉਨ੍ਹਾਂ ’ਚ ਹਿੰਮਤ ਹੈ ਤਾਂ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ-ਪਾਕਿਸਤਾਨ ਜੰਗਬੰਦੀ ਬਾਰੇ ਦਾਅਵਿਆਂ ਨੂੰ ਝੂਠਾ ਕਹਿ ਕੇ ਦਿਖਾਉਣ। ਉਨ੍ਹਾਂ ਕਿਹਾ, ‘ਜੇ ਮੋਦੀ ਜੀ ’ਚ ਇੰਦਰਾ ਗਾਂਧੀ ਮੁਕਾਬਲੇ 50 ਫੀਸਦ ਵੀ ਹੌਸਲਾ ਹੈ ਤਾਂ ਉਨ੍ਹਾਂ ਨੂੰ ਸੰਸਦ ’ਚ ਸਪੱਸ਼ਟ ਤੌਰ ’ਤੇ ਕਹਿਣਾ ਚਾਹੀਦਾ ਹੈ ਕਿ ਡੋਨਲਡ ਟਰੰਪ ਝੂਠ ਬੋਲ ਰਹੇ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਲੋਕ ਸਭਾ ’ਚ ਚੀਨ ਤੇ ਪਾਕਿਸਤਾਨ ਦੇ ਇਕਜੁੱਟ ਹੋਣ ਸਬੰਧੀ ਉਨ੍ਹਾਂ ਦੇ ਬਿਆਨ ’ਤੇ ਧਿਆਨ ਦਿੱਤਾ ਹੁੰਦਾ ਤਾਂ ਅਪਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਨੂੰ ‘ਪੰਜ ਜਹਾਜ਼ ਗੁਆਉਣੇ ਨਾ ਪੈਂਦੇ।’
ਲੋਕ ਸਭਾ ’ਚ ਅਪਰੇਸ਼ਨ ਸਿੰਧੂਰ ਬਾਰੇ ਚਰਚਾ ’ਚ ਹਿੱਸਾ ਲੈਂਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਅਪਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੂੰ ਇਸ ਬਾਰੇ ਸੰਵੇਦਨਸ਼ੀਲ ਜਾਣਕਾਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ, ‘ਕੱਲ ਮੈਂ ਰਾਜਨਾਥ ਸਿੰਘ ਜੀ ਦਾ ਭਾਸ਼ਣ ਸੁਣਿਆ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਸਵੇਰੇ 1.05 ਵਜੇ ਸ਼ੁਰੂ ਹੋਇਆ ਤੇ 22 ਮਿੰਟ ਤੱਕ ਚੱਲਿਆ। ਉਨ੍ਹਾਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਕਹੀ: 1.35 ਵਜੇ ਅਸੀਂ ਪਾਕਿਸਤਾਨ ਨੂੰ ਫੋਨ ਕਰਕੇ ਦੱਸਿਆ ਕਿ ਅਸੀਂ ਗ਼ੈਰ-ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਹੈ ਅਤੇ ਅਸੀਂ ਤਣਾਅ ਨਹੀਂ ਵਧਾਉਣਾ ਚਾਹੁੰਦੇ। ਇਹ ਭਾਰਤ ਦੇ ਰੱਖਿਆ ਮੰਤਰੀ ਦੇ ਸ਼ਬਦ ਹਨ।’ ਉਨ੍ਹਾਂ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ, ‘ਤੁਸੀਂ ਪਾਕਿਸਤਾਨ ਨੂੰ ਸਾਫ-ਸਾਫ਼ ਦੱਸ ਦਿੱਤਾ ਸੀ ਕਿ ਤੁਸੀਂ ਕੀ ਕਰੋਗੇ। ਤੁਸੀਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਓਗੇ ਤੇ ਤੁਸੀਂ ਤਣਾਅ ਨਹੀਂ ਵਧਾਉਣਾ ਚਾਹੁੰਦੇ। ਇਹੀ ਆਤਮ-ਸਮਰਪਣ ਹੈ। 30 ਮਿੰਟ ’ਚ ਤੁਰੰਤ ਆਤਮ-ਸਮਰਪਣ।’ ਉਨ੍ਹਾਂ ਇੰਡੋਨੇਸ਼ੀਆ ’ਚ ਰੱਖਿਆ ਅਧਿਕਾਰੀ ਗਰੁੱਪ ਕੈਪਟਨ ਸ਼ਿਵ ਕੁਮਾਰ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਸਿਆਸੀ ਲੀਡਰਸ਼ਿਪ ਕਾਰਨ ਪਾਕਿਸਤਾਨੀ ਫੌਜੀ ਟਿਕਾਣੇ ਤੇ ਉਨ੍ਹਾਂ ਦੀ ਹਵਾਈ ਸੁਰੱਖਿਆ ’ਤੇ ਹਮਲਾ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਰੀ ਮਸ਼ਕ ਦਾ ਟੀਚਾ ‘ਪ੍ਰਧਾਨ ਮੰਤਰੀ ਦੇ ਅਕਸ ਦੀ ਰਾਖੀ ਕਰਨਾ ਸੀ’ ਕਿਉਂਕਿ ਉਨ੍ਹਾਂ ਦੇ ਹੱਥ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਖੂਨ ਨਾਲ ਲਿੱਬੜੇ ਹੋਏ ਸਨ।
ਗਾਂਧੀ ਨੇ ਕਿਹਾ ਕਿ ਇਸ ਸਰਕਾਰ ਨੂੰ ਪਤਾ ਹੀ ਨਹੀਂ ਹੈ ਕਿ ਸਿਆਸੀ ਇੱਛਾ ਸ਼ਕਤੀ ਦਾ ਕੀ ਮਤਲਬ ਹੈ ਅਤੇ ਉਨ੍ਹਾਂ ਇੰਦਰਾ ਗਾਂਧੀ ਦੀ ਮਿਸਾਲ ਦਿੱਤੀ ਜਦੋਂ 1971 ’ਚ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਸਨ। ਉਨ੍ਹਾਂ ਕਿਹਾ, ‘ਮੈਂ ਤਿੰਨ-ਚਾਰ ਮਹੀਨੇ ਪਹਿਲਾਂ ਇਸੇ ਸਦਨ ’ਚ ਕਿਹਾ ਸੀ ਤੇ ਉਹ ਮੇਰੇ ’ਤੇ ਹੱਸੇ ਸਨ। ਮੈਂ ਕਿਹਾ ਸੀ ਕਿ ਕਿਰਪਾ ਕਰਕੇ ਸਮਝੋ ਕਿ ਭਾਰਤ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਚੁਣੌਤੀ ਪਾਕਿਸਤਾਨ ਤੇ ਚੀਨ ਨੂੰ ਵੱਖ ਰੱਖਣਾ ਰਹੀ ਹੈ। ਮੈਨੂੰ ਇਹ ਕਹਿੰਦਿਆਂ ਦੁਖ ਹੋ ਰਿਹਾ ਹੈ ਕਿ ਤੁਸੀਂ ਵਿਦੇਸ਼ ਨੀਤੀ ਦੇ ਸਭ ਤੋਂ ਵੱਡੇ ਟੀਚੇ ਨੂੰ ਤਬਾਹ ਕਰ ਦਿੱਤਾ ਹੈ। ਚੀਨ ਤੇ ਪਾਕਿਸਤਾਨ ਇੱਕ ਹੋ ਗਏ ਹਨ।’ ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਹੋਇਆ ਇਹ ਕਿ ਭਾਰਤ ਸਰਕਾਰ ਸੋਚਦੀ ਰਹੀ ਕਿ ਉਹ ਪਾਕਿਸਤਾਨ ਨਾਲ ਲੜ ਰਹੀ ਹੈ ਪਰ ਉਸ ਅਚਾਨਕ ਪਤਾ ਲੱਗਾ ਕਿ ਉਹ ਚੀਨ ਤੇ ਪਾਕਿਸਤਾਨ ਦੋਵਾਂ ਨਾਲ ਲੜ ਰਹੀ ਸੀ।
ਵਿਰੋਧੀ ਧਿਰ ਦੇ ਆਗੂਆਂ ਨੇ ਪਹਿਲਗਾਮ ਦਹਿਸ਼ਤੀ ਹਮਲੇ ’ਤੇ ਸਰਕਾਰ ਘੇਰੀ
ਨਵੀਂ ਦਿੱਲੀ: ਲੋਕ ਸਭਾ ਵਿੱਚ ਅੱਜ ਵਿਰੋਧੀ ਧਿਰ ਦੇ ਆਗੂਆਂ ਨੇ ਪਹਿਲਗਾਮ ਦਹਿਸ਼ਤੀ ਹਮਲੇ ਨੂੰ ‘ਪੂਰੀ ਤਰ੍ਹਾਂ ਖੁਫੀਆ ਅਤੇ ਸੁਰੱਖਿਆ ਅਸਫਲਤਾ’ ਦਾ ਨਤੀਜਾ ਕਰਾਰ ਦਿੱਤਾ ਅਤੇ ਸਰਕਾਰ ’ਤੇ ਸਵਾਲਾਂ ਤੋਂ ਬਚਣ ਅਤੇ ਸੱਚਾਈ ਲੁਕਾਉਣ ਦਾ ਦੋਸ਼ ਲਾਇਆ। ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਰਕਾਰ ਤੋਂ ਪਹਿਲਾਂ ਭਾਰਤ-ਪਾਕਿਸਤਾਨ ਗੋਲੀਬੰਦੀ ਦਾ ਐਲਾਨ ਕੀਤਾ, ਜੋ ‘ਤੀਜੀ ਧਿਰ ਦਾ ਸਪੱਸ਼ਟ ਦਖਲ’ ਹੈ। ਵੇਣੂਗੋਪਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਮਾਮੂਲੀ ਮੁੱਦਿਆਂ ਬਾਰੇ ਗੱਲ ਕੀਤੀ ਪਰ ‘ਸੁਰੱਖਿਆ ਅਸਫਲਤਾ’ ਬਾਰੇ ਕੋਈ ਗੱਲ ਨਹੀਂ ਕੀਤੀ। ਉਧਰ ਕਾਂਗਰਸ ਆਗੂ ਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਅੱਜ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ‘ਅਪਰੇਸ਼ਨ ਸਿੰਧੂਰ’ ਸਫਲ ਰਹਿਣ ਮਗਰੋਂ ਜੰਗਬੰਦੀ ’ਤੇ ਸਹਿਮਤੀ ਕਿਉਂ ਦਿੱਤੀ ਗਈ? -ਪੀਟੀਆਈ
ਹਰਸਿਮਰਤ ਵੱਲੋਂ ਦਿਲਜੀਤ ਦੀ ਹਮਾਇਤ
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਹਮਲਾ ਸੁਰੱਖਿਆ ਅਸਫਲਤਾ ਕਾਰਨ ਹੋਇਆ ਅਤੇ ਇਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਜੇ ਅਸੀਂ ਪਾਕਿਸਤਾਨ ਨਾਲ ਕ੍ਰਿਕਟ ਖੇਡ ਸਕਦੇ ਹਾਂ, ਤਾਂ ਦਿਲਜੀਤ ਦੋਸਾਂਝ ਦੀ ਫਿਲਮ ਭਾਰਤ ਵਿੱਚ ਰਿਲੀਜ਼ ਕਿਉਂ ਨਹੀਂ ਹੋ ਸਕਦੀ।’
ਵਿਸ਼ਵਗੁਰੂ ਨੇ ਮੁਲਕ ਦੇ ਲੋਕਾਂ ਨੂੰ ਨਿਰਾਸ਼ ਕੀਤਾ: ਕਨੀਮੋੜੀ
ਨਵੀਂ ਦਿੱਲੀ: ਡੀਐੱਮਕੇ ਦੀ ਸੰਸਦ ਮੈਂਬਰ ਕਨੀਮੋੜੀ ਨੇ ਅੱਜ ਪਹਿਲਗਾਮ ਹਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ‘ਵਿਸ਼ਵਗੁਰੂ’ ਨੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਅਪਰੇਸ਼ਨ ਸਿੰਧੂਰ ਬਾਰੇ ਜਾਣਕਾਰੀ ਦੇਣ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭੇਜੇ ਗਏ ਸਰਬ-ਪਾਰਟੀ ਵਫ਼ਦ ਵਿੱਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਮੌਕਿਆਂ ਨੂੰ ਮਨਾਉਣ ਦੀ ਬਜਾਏ ਸੋਗ ਮਨਾਉਣ ਦੀ ਲੋੜ ਹੁੰਦੀ ਹੈ। -ਪੀਟੀਆਈ