ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਸੰਬੋਧਨ ਦੌਰਾਨ ਰਾਸ਼ਟਰੀ ਸਵੈਮਸੇਵਕ ਸੰਘ (ਆਰਐੈੱਸਐੱਸ) ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਦਾ ਜ਼ਿਕਰ ਕਰਦਿਆਂ ਇਸ ਨੂੰ ‘ਦੁਨੀਆ ਦਾ ਸਭ ਤੋਂ ਵੱਡੀ ਐੱਨਜੀਓ’ ਕਰਾਰ ਦਿੱਤਾਤੇ ਦੇਸ਼ ਸੇਵਾ ਲਈ ਪ੍ਰਤੀ ਸਮਰਪਣ ਲਈ ਇਸ ਦੇ ਵਾਲੰਟੀਅਰਾਂ ਦੀ ਸ਼ਾਲਾਘਾ ਕੀਤੀ। ਉਨ੍ਹਾਂ ਆਖਿਆ ਕਿ ਰਾਸ਼ਟਰ ਦਾ ਨਿਰਮਾਣ ਸਿਰਫ ਸਰਕਾਰ ਜਾਂ ਸੱਤਾ ’ਚ ਬੈਠੇ ਲੋਕਾਂ ਨੇ ਹੀ ਨਹੀਂ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਆਰਐੱਸਐੱਸ ਦਾ ਜਨਮ 100 ਸਾਲ ਪਹਿਲਾਂ ਹੋਇਆ ਸੀ। ਸੌ ਵਰ੍ਹਿਆਂ ਦੀ ਦੇਸ਼ ਸੇਵਾ ਬਹੁਤ ਹੀ ਮਾਣ ਵਾਲਾ ਕੰਮ ਹੈ। ਪਿਛਲੇ 100 ਸਾਲਾਂ ’ਚ ਵਿਅਕਤੀ ਨਿਰਮਾਣ ਤੋਂ ਲੈ ਕੇ ਰਾਸ਼ਟਰ ਨਿਰਮਾਣ ਦਾ ਟੀਚਾ ਲੈ ਕੇ ਮਾਂ ਭਾਰਤੀ ਦੀ ਭਲਾਈ ਲਈ ਲੱਖਾਂ ਸਵੈਮ ਸੇਵਕਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਸੇਵਾ, ਸਮਰਪਣ, ਸੰਗਠਨ ਤੇ ਬੇਮਿਸਾਲ ਅਨੁਸ਼ਾਸਨ ਆਰਐੱਸਐੱਸ ਦੀ ਪਛਾਣ ਹਨ, ਜਿਸ ਸਦਕਾ ਇਹ ਦੁਨੀਆ ਦੀ ਸਭ ਤੋਂ ਵੱਡੀ ਐੱਨਜੀਓ ਹੈ। ਦੇਸ਼ ਨੂੰ ਸੰੰਗਠਨ ਦੇ ਇੱਕ ਸਦੀ ਦੇ ਸੇਵਾ ਦੇ ਸਫ਼ਰ ’ਤੇ ਮਾਣ ਹੈ ਤੇ ‘ਇਹ ਸਾਨੂੰ ਪ੍ਰੇਰਦਾ ਰਹੇਗਾ।’’
ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਤੇ ਚੀਨ ਤੋਂ ਵਧਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਦੀਆਂ ਅਹਿਮ ਫੌਜੀ ਤੇ ਸਿਵਲ ਸੰਸਥਾਵਾਂ ਦੀ ਰੱਖਿਆ ਤੇ ਕਿਸੇ ਵੀ ਦੁਸ਼ਮਣ ਤੋਂ ਖ਼ਤਰੇ ਦੀ ਸਥਿਤੀ ’ਚ ਫ਼ੈਸਲਾਕੁਨ ਜਵਾਬ ਦੇਣ ਲਈ ਸਵਦੇਸ਼ੀ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਲਈ 10 ਸਾਲਾ ‘ਸੁਦਰਸ਼ਨ ਚੱਕਰ’ ਪ੍ਰਾਜੈਕਟ ਦਾ ਐਲਾਨ ਵੀ ਕੀਤਾ।
ਆਰਐੱਸਐੱਸ ਨੂੰ ਸਲਾਹੁਣ ’ਤੇ ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਆਲੋਚਨਾ
ਨਵੀਂ ਦਿੱਲੀ: ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੇ ਦਿਨ ਆਜ਼ਾਦੀ ਦਿਵਸ ਮੌਕੇ ਭਾਸ਼ਣ ’ਚ ਆਰਐੱਸਐੱਸ ਨੂੰ ਸਲਾਹੁਣ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ ਤੇ ਇਸ ਨੂੰ ‘ਬੇਹੱਦ ਪ੍ਰੇਸ਼ਾਨ ਕਰਨ ਵਾਲਾ’ ਅਤੇ ‘ਅਫਸੋਸਜਨਕ’ ਦੱਸਿਆ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਸ ਨੂੰ ਸੰਵਿਧਾਨ ਤੇ ਧਰਮ ਨਿਰਪੱਖ ਗਣਰਾਜ ਦੀ ਭਾਵਨਾ ਦੀ ‘ਉਲੰਘਣਾ’ ਕਰਾਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਨੇ ਕਾਂਗਰਸ ਵੱਲੋਂ ਕੀਤੀ ਆਲੋਚਨਾ ਨੂੰ ਖਾਰਜ ਕਰਦਿਆਂ ਆਖਿਆ ਕਿ ਆਰਐੱਸਐੱਸ ਦੀ ਵਿਚਾਰਧਾਰਾ ਭਾਰਤ ’ਚ ਜਨਤਕ ਵਿਚਾਰ ਵਟਾਂਦਰੇ ਨੂੰ ਆਕਾਰ ਦੇ ਰਹੀ ਹੈ। -ਪੀਟੀਆਈ
ਭਾਰਤੀ ਤਾਲਿਬਾਨ ਹੈ ਆਰਐੱਸਐੱਸ: ਹਰੀ ਪ੍ਰਸਾਦ
ਨਵੀਂ ਦਿੱਲੀ: ਕਾਂਗਰਸ ਆਗੂ ਬੀਕੇ ਹਰੀ ਪ੍ਰਸਾਦ ਨੇ ਰਾਸ਼ਟਰੀ ਸਵੈਮ-ਸੇਵਕ ਸੰਘ ਨੂੰ ਭਾਰਤੀ ਤਾਲਿਬਾਨ ਦੱਸਦਿਆਂ ਆਜ਼ਾਦੀ ਦਿਵਸ ਮੌਕੇ ਆਰਐੱਸਐੱਸ ਦੀ ਪ੍ਰਸ਼ੰਸਾ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਹਰੀ ਪ੍ਰਸਾਦ ਨੇ ਕਿਹਾ, ‘‘ਉਹ (ਆਰਐੱਸਐੱਸ) ਦੇਸ਼ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਆਰਐੱਸਐੱਸ ਦੀ ਤੁਲਨਾ ਤਾਲਿਬਾਨ ਨਾਲ ਹੀ ਕਰਾਂਗਾ, ਉਹ ਭਾਰਤੀ ਤਾਲਿਬਾਨ ਹੈ ਅਤੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ।’’ ਉਨ੍ਹਾਂ ਨੇ ਆਰਐੱਸਐੱਸ ਦੀ ਫੰਡਿੰਗ ਦੇ ਸਰੋਤਾਂ ’ਤੇ ਵੀ ਸਵਾਲ ਚੁੱਕਿਆ। ਸਾਬਕਾ ਰਾਜ ਸਭਾ ਮੈਂਬਰ ਨੇ ਕਿਹਾ, ‘‘ਕੀ ਕੋਈ ਅਜਿਹਾ ਸੰਘੀ ਹੈ ਜਿਸ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲਿਆ ਹੋਵੇ? ਉਹ ਵਿਅਕਤੀ ਜਿਸ ਨੇ ਕੱਲ੍ਹ ਲਾਲ ਕਿਲ੍ਹੇ ਤੋਂ ਭਾਸ਼ਣ ਦਿੱਤਾ...ਇਹ ਸ਼ਰਮ ਦੀ ਗੱਲ ਹੈ ਕਿ ਆਰਐੱਸਐੱਸ ਰਜਿਸਟਰਡ ਸੰਗਠਨ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਉਸ ਨੂੰ ਪੈਸਾ ਕਿੱਥੋਂ ਮਿਲਦਾ ਹੈ। ਕੋਈ ਵੀ ਐੱਨਜੀਓ ਜੋ ਦੇਸ਼ ਵਿੱਚ ਕੰਮ ਕਰਨਾ ਚਾਹੁੰਦੀ ਹੈ, ਉਸ ਨੂੰ ਸੰਵਿਧਾਨ ਮੁਤਾਬਕ ਰਜਿਸਟਰਡ ਕਰਵਾਉਣਾ ਚਾਹੀਦਾ ਹੈ।’’ -ਏਐੱਨਆਈ