PM on Pahalgam Attack: ਪਹਿਲਗਾਮ ਦੇ ਅੱਤਵਾਦੀਆਂ ਤੇ ਸਾਜ਼ਿਸ਼ੀਆਂ ਨੂੰ ਉਨ੍ਹਾਂ ਦੀ ਸੋਚ ਤੋਂ ਵੱਧ ਸਜ਼ਾ ਦੇਵਾਂਗੇ: ਮੋਦੀ
Will punish Pahalgam terrorists, planners beyond their imagination: PM Modi
ਮਧੂਬਨੀ (ਬਿਹਾਰ), 24 ਅਪਰੈਲ
ਇੱਕ ਸਖ਼ਤ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਹਰ ਉਸ ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪਛਾਣ ਕਰੇਗਾ, ਉਨ੍ਹਾਂ ਨੂੰ ਟਰੈਕ ਕਰੇਗਾ ਅਤੇ ਸਜ਼ਾ ਦੇਵੇਗਾ ਜੋ ਪਹਿਲਗਾਮ ਵਿੱਚ ਹੋਏ ਹਮਲੇ ਲਈ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਸਜ਼ਾ ਅਜਿਹੀ ਹੋਵੇਗੀ ਜਿਹੜੀ ‘ਉਨ੍ਹਾਂ ਦੀ ਕਲਪਨਾ ਤੋਂ ਪਰੇ’ ਹੋਵੇਗੀ।
ਮੋਦੀ ਨੇ ਇੱਥੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ, ਬਿਹਾਰ ਦੀ ਧਰਤੀ ਤੋਂ, ਮੈਂ ਪੂਰੀ ਦੁਨੀਆ ਨੂੰ ਕਹਿੰਦਾ ਹਾਂ ਕਿ ਭਾਰਤ ਹਰ ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪਛਾਣ ਕਰੇਗਾ, ਟਰੈਕ ਕਰੇਗਾ ਅਤੇ ਸਜ਼ਾ ਦੇਵੇਗਾ। ਅਸੀਂ ਉਨ੍ਹਾਂ ਦਾ ਪਿੱਛਾ ਧਰਤੀ ਦੇ ਆਖ਼ਰੀ ਕੋਨੇ ਤੱਕ ਕਰਾਂਗੇ।"
ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਪਹਿਲਗਾਮ ਦੇ ਬੈਸਰਨ ਮੈਦਾਨ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ ਕਿਹਾ, "ਦਹਿਸ਼ਤਗਰਦੀ ਨਾਲ ਭਾਰਤ ਦੇ ਹੌਸਲੇ ਕਦੇ ਵੀ ਨਹੀਂ ਤੋੜੇ ਜਾ ਸਕਦੇ। ਅੱਤਵਾਦ ਨੂੰ ਸਜ਼ਾ ਮਿਲੇ ਕੇ ਰਹੇਗ।" ਗ਼ੌਰਤਲਬ ਹੈ ਕਿ ਇਸ ਮਹਲੇ ਵਿੱਚ ਘੱਟੋ-ਘੱਟ 26 ਵਿਅਕਤੀ ਮਾਰੇ ਗਏ ਸਨ।
ਪ੍ਰਧਾਨ ਮੰਤਰੀ ਨੇ ਅੰਗਰੇਜ਼ੀ ਵਿੱਚ ਆਪਣੇ ਸੰਖੇਪ ਭਾਸ਼ਣ ਵਿੱਚ ਕਿਹਾ, "ਇਨਸਾਨੀਅਤ ਵਿੱਚ ਭਰੋਸਾ ਰੱਖਣ ਵਾਲਾ ਹਰ ਕੋਈ ਸਾਡੇ ਨਾਲ ਹੈ। ਮੈਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਨੇਤਾਵਾਂ ਦਾ ਧੰਨਵਾਦ ਕਰਦਾ ਹਾਂ ਜੋ ਇਸ ਸਮੇਂ ਸਾਡੇ ਨਾਲ ਖੜ੍ਹੇ ਹਨ।"
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਅਤੇ ਇੱਥੇ ਕੌਮੀ ਪੰਚਾਇਤੀ ਰਾਜ ਦਿਵਸ ਪ੍ਰੋਗਰਾਮ ਲਈ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਪਲਾਂ ਲਈ ਮੌਨ ਰੱਖਿਆ। ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ, ਮੋਦੀ ਨੇ ਇਕੱਠ ਨੂੰ ਪਹਿਲਗਾਮ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ "ਸਾਡੇ ਪਰਿਵਾਰਕ ਮੈਂਬਰਾਂ" ਦੇ ਸਤਿਕਾਰ ਵਜੋਂ ਮੌਨ ਰੱਖਣ ਦੀ ਅਪੀਲ ਕੀਤੀ। ਪੀਟੀਆਈ

