ਪ੍ਰਧਾਨ ਮੰਤਰੀ ਮੋਦੀ ਵੱਲੋਂ ਬਰਤਾਨਵੀ ਹਮਰੁਤਬਾ ਸਟਾਰਮਰ ਨਾਲ ਗੱਲਬਾਤ
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ: ਸਟਾਰਮਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ (Keir Starmer) ਨਾਲ ਵਿਆਪਕ ਗੱਲਬਾਤ ਕੀਤੀ, ਜੋ ਮੁੱਖ ਤੌਰ ’ਤੇ ਵਪਾਰ, ਰੱਖਿਆ, ਸੁਰੱਖਿਆ ਅਤੇ ਨਾਜ਼ੁਕ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ-ਯੂਕੇ ਸਬੰਧਾਂ ਨੂੰ ਹੁਲਾਰਾ ਦੇਣ 'ਤੇ ਕੇਂਦਰਿਤ ਸੀ।
ਬ੍ਰਿਟਿਸ਼ ਨੇਤਾ ਯੂਕੇ ਦੇ 125 ਪ੍ਰਮੁੱਖ ਕਾਰੋਬਾਰੀ ਨੇਤਾਵਾਂ, ਉੱਦਮੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਇੱਕ ਵਫ਼ਦ ਦੇ ਨਾਲ ਬੁੱਧਵਾਰ ਸਵੇਰੇ ਦੋ ਦਿਨਾਂ ਦੌਰੇ 'ਤੇ ਮੁੰਬਈ ਪਹੁੰਚੇ ਹਨ।
ਸਟਾਰਮਰ ਦਾ ਇਹ ਭਾਰਤ ਦੌਰਾ ਦੋਵਾਂ ਦੇਸ਼ਾਂ ਨੇ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (free trade pact) ’ਤੇ ਹਸਤਾਖਰ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਸਮਝੌਤੇ ਨਾਲ ਬਾਜ਼ਾਰ ਤੱਕ ਪਹੁੰਚ ਵਧੇਗੀ, ਟੈਕਸ ਘੱਟ ਹੋਣਗੇ ਅਤੇ 2030 ਤੱਕ ਦੁਵੱਲੇ ਵਪਾਰ ਦੇ ਦੁੱਗਣੇ ਹੋਣ ਦੀ ਉਮੀਦ ਹੈ। ਇਹ ਵਪਾਰ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਦੇ ਜੁਲਾਈ ਵਿੱਚ ਲੰਡਨ ਦੌਰੇ ਦੌਰਾਨ ਪੱਕਾ ਕੀਤਾ ਗਿਆ ਸੀ।
REUTERS
ਬੁੱਧਵਾਰ ਨੂੰ ਆਪਣੀ ਟਿੱਪਣੀ ਵਿੱਚ ਸਟਾਰਮਰ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਦੋ-ਪੱਖੀ ਵਿਕਾਸ ਲਈ ਇੱਕ ਲਾਂਚਪੈਡ ਹੈ, ਜਿਸ ਨਾਲ ਭਾਰਤ 2028 ਤੱਕ ਤੀਜੀ ਸਭ ਤੋਂ ਵੱਡੀ ਵਿਸ਼ਵਵਿਆਪੀ ਅਰਥਵਿਵਸਥਾ ਬਣਨ ਲਈ ਤਿਆਰ ਹੈ।
ਉਨ੍ਹਾਂ ਕਿਹਾ, ‘‘ਅਸੀਂ ਜੁਲਾਈ ਵਿੱਚ ਭਾਰਤ ਨਾਲ ਇੱਕ ਵੱਡਾ ਵਪਾਰ ਸਮਝੌਤਾ ਸਾਈਨ ਕੀਤਾ, ਜੋ ਕਿਸੇ ਵੀ ਦੇਸ਼ ਦੁਆਰਾ ਸਭ ਤੋਂ ਵਧੀਆ ਸੁਰੱਖਿਅਤ ਕੀਤਾ ਗਿਆ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇਹ ਸਿਰਫ਼ ਕਾਗਜ਼ ਦਾ ਇੱਕ ਟੁਕੜਾ ਨਹੀਂ ਹੈ, ਇਹ ਵਿਕਾਸ ਲਈ ਇੱਕ ਲਾਂਚਪੈਡ ਹੈ।’’
ਇਸ ਗੱਲਬਾਤ ਵਿੱਚ ਭਾਰਤੀ ਪੱਖ ਵੱਲੋਂ ਬ੍ਰਿਟਿਸ਼ ਧਰਤੀ ਤੋਂ ਕੁਝ ਵੱਖਵਾਦੀ ਅਨਸਰਾਂ ਦੀਆਂ ਗਤੀਵਿਧੀਆਂ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਦੀ ਵੀ ਉਮੀਦ ਹੈ ਅਤੇ ਨਾਲ ਹੀ ਵਿਜੇ ਮਾਲਿਆ ਅਤੇ ਨੀਰਵ ਮੋਦੀ ਸਮੇਤ ਕਈ ਅਰਬਪਤੀ ਭਗੌੜਿਆਂ ਨੂੰ ਯੂਕੇ ਤੋਂ ਭਾਰਤ ਹਵਾਲੇ ਕਰਨ ਦੀ ਮੰਗ ਵੀ ਕੀਤੀ ਜਾਣੀ ਹੈ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਭਾਰਤ 2028 ਤੱਕ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ ਹੈ ਅਤੇ ਉਨ੍ਹਾਂ ਦਾ ਮੁਲਕ ਇਸ ਸਫ਼ਰ ’ਚ ਭਾਰਤ ਦਾ ਭਾਈਵਾਲ ਬਣਿਆ ਰਹੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਆਸ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਜ਼ਰਾਈਲ-ਹਮਾਸ ਸ਼ਾਂਤੀ ਯੋਜਨਾ ਨਾਲ ਬੰਦੀਆਂ, ਗਾਜ਼ਾ ’ਚ ਆਮ ਆਬਾਦੀ ਅਤੇ ਪੂਰੀ ਦੁਨੀਆ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਰੂਸ-ਯੂਕਰੇਨ ਜੰਗ ਬਾਰੇ ਵੀ ਵਿਚਾਰ ਵਟਾਂਦਰਾ ਕਰਨ ਦਾ ਦਾਅਵਾ ਕੀਤਾ।

