ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਰਵਾਏ ਗਏ ਕਮਾਂਡਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਪਰੇਸ਼ਨ ਸਿੰਧੂਰ ਦੌਰਾਨ ਨਿਭਾਈ ਭੂਮਿਕਾ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ’ਤੇ ਰੋਸ਼ਨੀ ਪਾਈ। ਮੋਦੀ ਨੇ ਇੱਥੇ ਵਿਜੈ ਦੁਰਗ (ਪਹਿਲਾਂ ਫੋਰਟ ਵਿਲੀਅਮ) ਸਥਿਤ ਭਾਰਤੀ ਸੈਨਾ ਦੇ ਪੂਰਬੀ ਕਮਾਨ ਹੈੱਡਕੁਆਰਟਰ ’ਚ ਤਿੰਨ ਰੋਜ਼ਾ ਸਾਂਝੇ ਕਮਾਂਡਰ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ‘ਭਾਰਤੀ ਹਥਿਆਰਬੰਦ ਬਲ ਵਿਜ਼ਨ 2047’ ਦਸਤਾਵੇਜ਼ ਵੀ ਜਾਰੀ ਕੀਤਾ।ਬਿਆਨ ’ਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਭਵਿੱਖ ਲਈ ਤਿਆਰ ਭਾਰਤੀ ਹਥਿਆਰਬੰਦ ਬਲਾਂ ਲਈ ਰਾਹ ਦਸੇਰਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਅਹਿਮ ਸੰਮੇਲਨ ’ਚ ਸ਼ਾਮਲ ਹੋਏ, ਜੋ ਅਪਰੇਸ਼ਨ ਸਿੰਧੂਰ ਤੋਂ ਬਾਅਦ ਅਜਿਹਾ ਪਹਿਲਾ ਸੰਮੇਲਨ ਹੈ। ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਤੋਂ ਪਾਰ ਅਤੇ ਪਾਕਿਸਤਾਨ ਅੰਦਰ ਅਤਿਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਚਲਾਏ ਗਏ ‘ਅਪਰੇਸ਼ਨ ਸਿੰਧੂਰ’ ਦੌਰਾਨ ਸਟੀਕਤਾ, ਪੇਸ਼ੇਵਰਾਨਾ ਪਹੁੰਚ ਤੇ ਮਕਸਦ ਨੂੰ ਹਾਸਲ ਕਰਨ ਲਈ ਤਿੰਨੇ ਸੈਨਾਵਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ। ਸੰਮੇਲਨ ’ਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸੀ ਡੀ ਐੱਸ ਜਨਰਲ ਅਨਿਲ ਚੌਹਾਨ, ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ ਤਿੰਨੇ ਸੈਨਾਵਾਂ ਦੇ ਮੁਖੀਆਂ ਨੇ ਵੀ ਹਿੱਸਾ ਲਿਆ। ਰੱਖਿਆ ਮੰਤਰਾਲੇ ਦੇ ਬਿਆਨ ’ਚ ਕਿਹਾ ਗਿਆ ਹੈ, ‘ਰਣਨੀਤਕ ਮੁੱਦਿਆਂ ਦੀ ਵਿਸਥਾਰਤ ਲੜੀ ’ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ, ਜਿਸ ’ਚ ਸੈਨਾ ਦੇ ਆਧੁਨਿਕੀਕਰਨ, ਸਾਂਝ, ਏਕੀਕਰਨ ਤੇ ਬਹੁ-ਖੇਤਰੀ ਜੰਗ ਲਈ ਸੰਚਾਲਨ ਸਮਰੱਥਾ ਨੂੰ ਵਧਾਉਣਾ ਸ਼ਾਮਲ ਹੈ।’ ਇਸ ਸਾਲ 16ਵਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ’ਚ ਸੁਧਾਰਾਂ, ਤਬਦੀਲੀ ਤੇ ਜੰਗੀ ਮੁਹਿੰਮਾਂ ਦੀਆਂ ਤਿਆਰੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।