ਭਾਰਤ ਆਪਸੀ ਵਿਸ਼ਵਾਸ, ਸਤਿਕਾਰ ਅਤੇ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਚੀਨ ਨਾਲ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ। ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੇ ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ, ਨੇ ਕਿਹਾ, ‘‘ਦੋਵਾਂ ਫੌਜਾਂ ਦੇ ਪਿੱਛੇ ਹਟਣ ਮਗਰੋਂ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖੀ ਗਈ ਹੈ। ਸਰਹੱਦੀ ਪ੍ਰਬੰਧਨ ਨੂੰ ਲੈ ਕੇ ਸਾਡੇ ਵਿਸ਼ੇਸ਼ ਪ੍ਰਤੀਨਿਧੀਆਂ ਵਿਚਕਾਰ ਸਹਿਮਤੀ ਸੀ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵੱਲੀ ਗੱਲਬਾਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੱਸਿਆ ਕਿ ਭਾਰਤ ਆਪਸੀ ਵਿਸ਼ਵਾਸ, ਸਤਿਕਾਰ ਅਤੇ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਗੱਲਬਾਤ ਕੀਤੀ।
ਸ੍ਰੀ ਮੋਦੀ ਨੇ ਆਪਣੇ ਟੈਲੀਵਿਜ਼ਨ ਭਾਸ਼ਣ ਦੀ ਸ਼ੁਰੂਆਤ ਵਿਚ ਕਿਹਾ ਕਿ 2.8 ਅਰਬ ਲੋਕਾਂ ਦੀ ਭਲਾਈ ਭਾਰਤ ਅਤੇ ਚੀਨ ਵਿਚਕਾਰ ਦੁਵੱਲੇ ਸਹਿਯੋਗ ਨਾਲ ਜੁੜੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ 2.8 ਅਰਬ ਲੋਕਾਂ ਦੀ ਭਲਾਈ ਦੁਵੱਲੇ ਸਹਿਯੋਗ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਆਪਸੀ ਵਿਸ਼ਵਾਸ, ਸਤਿਕਾਰ ਅਤੇ ਸੰਵੇਦਨਸ਼ੀਲਤਾ ਦੇ ਅਧਾਰ ’ਤੇ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ।’’ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਚੀਨ ਦੀ ‘ਸਫਲ ਪ੍ਰਧਾਨਗੀ’ ਲਈ ਰਾਸ਼ਟਰਪਤੀ ਜਿਨਪਿੰਗ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਸੱਤ ਸਾਲਾਂ ਦੇ ਵਕਫ਼ੇ ਤੋਂ ਬਾਅਦ ਸ਼ਨਿੱਚਰਵਾਰ ਨੂੰ ਚੀਨ ਪਹੁੰਚੇ। ਮੋਦੀ-ਸ਼ੀ ਗੱਲਬਾਤ ਨੂੰ ਵਾਸ਼ਿੰਗਟਨ ਦੀਆਂ ਵਪਾਰ ਅਤੇ ਟੈਰਿਫ ਨੀਤੀਆਂ ਕਾਰਨ ਭਾਰਤ-ਅਮਰੀਕਾ ਸਬੰਧਾਂ ਵਿੱਚ ਅਚਾਨਕ ਆਈ ਗਿਰਾਵਟ ਦੇ ਮੱਦੇਨਜ਼ਰ ਗੌਰ ਨਾਲ ਦੇਖਿਆ ਜਾ ਰਿਹਾ ਹੈ। ਮੋਦੀ ਮੁੱਖ ਤੌਰ ’ਤੇ 31 ਅਗਸਤ ਅਤੇ 1 ਸਤੰਬਰ ਨੂੰ ਸਾਲਾਨਾ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਉੱਤਰੀ ਚੀਨ ਦੇ ਤਿਆਨਜਿਨ ਦਾ ਦੌਰਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਐਤਵਾਰ ਨੂੰ ਸਿਖਰ ਸੰਮੇਲਨ ਤੋਂ ਇਕਪਾਸੇ ਸ਼ੀ ਜਿਨਪਿੰਗ ਨਾਲ ਨਿਰਧਾਰਿਤ ਮੁਲਾਕਾਤ ਨੂੰ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਵਧੇਰੇ ਅਹਿਮ ਮੰਨਿਆ ਜਾ ਰਿਹਾ ਹੈ। ਅਮਰੀਕੀ ਟੈਰਿਫਾਂ ਨੇ ਦੁਨੀਆ ਭਰ ਦੀਆਂ ਲਗਪਗ ਸਾਰੇ ਪ੍ਰਮੁੱਖ ਅਰਥਚਾਰਿਆਂ ਨੂੰ ਅਸਰਅੰਦਾਜ਼ ਕੀਤਾ ਹੈ। ਮੋਦੀ ਅਤੇ ਸ਼ੀ ਦੀ ਤਜਵੀਜ਼ਤ ਮੁਲਾਕਾਤ ਵਿਚ ਭਾਰਤ-ਚੀਨ ਆਰਥਿਕ ਸਬੰਧਾਂ ਦਾ ਜਾਇਜ਼ਾ ਲੈਣ ਅਤੇ ਸਬੰਧਾਂ ਨੂੰ ਹੋਰ ਆਮ ਬਣਾਉਣ ਲਈ ਕਦਮਾਂ ’ਤੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਉਮੀਦ ਹੈ।
ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਤਹਿਤ ਸ਼ਨਿਚਰਵਾਰ ਸ਼ਾਮ ਨੂੰ ਜਾਪਾਨ ਤੋਂ ਇੱਥੇ ਪਹੁੰਚੇ। ਮਈ 2020 ਵਿੱਚ ਪੂਰਬੀ ਲੱਦਾਖ ਸਰਹੱਦੀ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਇਹ ਮੋਦੀ ਦੀ ਚੀਨ ਦੀ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਰੂਸ ਦੇ ਕਜ਼ਾਨ ਵਿੱਚ ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਸੀ, ਕੁਝ ਦਿਨ ਬਾਅਦ ਜਦੋਂ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿੱਚ ਗਤੀਰੋਧ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਕੀਤਾ ਸੀ।