PM MODI DEGREE: ਦਿੱਲੀ ਹਾਈਕੋਰਟ ਦੇ ਫੈਸਲੇ ’ਤੇ ਕਾਂਗਰਸ ਨੁੂੰ ਇਤਰਾਜ਼
ਪ੍ਰਧਾਨ ਮੰਤਰੀ ਦੀ ਸਿੱਖਿਆ ਸਬੰਧੀ ਡਿਗਰੀ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਕਿਉਂ ਰੱਖਿਆ ਜਾ ਰਿਹਾ: ਕਾਂਗਰਸ
ਦਿੱਲੀ ਹਾਈ ਕੋਰਟ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰੈਜੂਏਸ਼ਨ ਦੀ ਡਿਗਰੀ ਨਾਲ ਸਬੰਧਤ ਸੀਆਈਸੀ ਦੇ ਹੁਕਮ ਨੂੰ ਰੱਦ ਕਰਨ ਦੇ ਬਾਅਦ ਕਾਂਗਰਸ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਪ੍ਰਧਾਨ ਮੰਤਰੀ ਦੀ ਸਿੱਖਿਆ ਸਬੰਧੀ ਡਿਗਰੀ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਕਿਉਂ ਰੱਖਿਆ ਜਾ ਰਿਹਾ ਹੈ, ਜਦਕਿ ਹਰ ਕਿਸੇ ਦੇ ਅਜਿਹੇ ਵੇਰਵੇ ਹਮੇਸ਼ਾ ਜਨਤਕ ਹੁੰਦੇ ਰਹੇ ਹਨ।
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਸੈਂਟਰਲ ਇਨਫਰਮੇਸ਼ਨ ਕਮਿਸ਼ਨ (ਸੀਆਈਸੀ) ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਮੋਦੀ ਦੀ ਗ੍ਰੈਜੂਏਸ਼ਨ ਡਿਗਰੀ ਨਾਲ ਸਬੰਧਤ ਵੇਰਵਿਆਂ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਨੂੰ ‘ਨਿੱਜੀ ਜਾਣਕਾਰੀ’ ਮੰਨਦਿਆਂ ਇਸ ਵਿੱਚ ਕੋਈ ‘ਸਪੱਸ਼ਟ ਜਨਤਕ ਹਿੱਤ’ ਨਾ ਹੋਣ ਦਾ ਫੈਸਲਾ ਸੁਣਾਇਆ ਸੀ। ਜਸਟਿਸ ਸਚਿਨ ਦੱਤਾ, ਜਿਨ੍ਹਾਂ ਨੇ 27 ਫਰਵਰੀ ਨੂੰ ਇਸ ਮਾਮਲੇ ’ਤੇ ਫੈਸਲਾ ਸੁਰੱਖਿਅਤ ਰੱਖਿਆ ਸੀ,ਉਨ੍ਹਾਂ ਦਿੱਲੀ ਯੂਨੀਵਰਸਿਟੀ ਦੀ ਅਪੀਲ ’ਤੇ ਇਹ ਫੈਸਲਾ ਸੁਣਾਇਆ। ਇਸ ਫੈਸਲੇ ਵਿੱਚ ਸੀਆਈਸੀ ਦੇ ਹੁਕਮ ਨੁੂੰ ਚੁਣੌਤੀ ਗਈ ਸੀ।