PM MODI CHINA VISIT: ਸੱਤ ਸਾਲ ਬਾਅਦ ਮੋਦੀ ਦੀ ਚੀਨ ਫੇਰੀ; ਸ਼ੀ ਜਿਨਪਿੰਗ ਨਾਲ ਮੁਲਾਕਾਤ ’ਤੇ ਸਭ ਦੀਆਂ ਨਜ਼ਰਾਂ
ਸੱਤ ਸਾਲਾਂ ਤੋਂ ਵੱਧ ਦੇ ਅੰਤਰਾਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਚੀਨ ਪਹੁੰਚੇ। ਉਨ੍ਹਾਂ ਦੀ ਇਸ ਫੇਰੀ ਨੁੂੰ ਟੈਰਿਫ ਨੀਤੀਆਂ ਕਾਰਨ ਭਾਰਤ-ਅਮਰੀਕਾ ਸਬੰਧਾਂ ਵਿੱਚ ਅਚਾਨਕ ਆਈ ਗਿਰਾਵਟ ਦੇ ਮੱਦੇਨਜ਼ਰ ਵਧੇਰੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਮੁੱਖ ਤੌਰ ’ਤੇ 31 ਅਗਸਤ ਅਤੇ 1 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਆਏ ਹਨ। ਹਾਲਾਂਕਿ ਵਾਸ਼ਿੰਗਟਨ ਦੀ ਟੈਰਿਫ ਵਿਵਾਦ ਦੇ ਮੱਦੇਨਜ਼ਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਨਿਰਧਾਰਤ ਮੁਲਾਕਾਤ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਮੋਦੀ ਅਤੇ ਸ਼ੀ ਵਿਚਾਲੇ ਗੱਲਬਾਤ ਵਿੱਚ ਭਾਰਤ-ਚੀਨ ਆਰਥਿਕ ਸਬੰਧਾਂ ਨੁੂੰ ਹੋਰ ਸੁਧਾਰਨ ਦੇ ਕਦਮਾਂ ’ਤੇ ਵਿਚਾਰ-ਵਟਾਂਦਰਾ ਕਰਨ ਦੀ ਉਮੀਦ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਕਈ ਨੇਤਾਵਾਂ ਨਾਲ ਵੀ ਦੁਵੱਲੀ ਗੱਲਬਾਤ ਕਰ ਸਕਦੇ ਹਨ।
ਤਿਆਨਜਿਨ ਦੀ ਯਾਤਰਾ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਇਕੱਠੇ ਮਿਲ ਕੇ ਵਿਸ਼ਵ ਆਰਥਿਕ ਵਿਵਸਥਾ ਵਿੱਚ ਸਥਿਰਤਾ ਲਿਆਉਣ ਲਈ ਕੰਮ ਕਰਨਾ ਮਹੱਤਵਪੂਰਨ ਹੈ। ਜਾਪਾਨ ਦੇ ਅਖਬਾਰ ‘ਦ ਯੋਮੀਉਰੀ ਸ਼ਿੰਬੁਨ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੋਦੀ ਨੇ ਕਿਹਾ ਵਿਸ਼ਵ ਅਰਥਵਿਵਸਥਾ ਵਿੱਚ ਮੌਜੂਦਾ ਅਸਥਿਰਤਾ ਨੂੰ ਦੇਖਦੇ ਹੋਏ ਭਾਰਤ ਅਤੇ ਚੀਨ ਦੋ ਵੱਡੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ ਵਿਸ਼ਵ ਆਰਥਿਕ ਵਿਵਸਥਾ ਵਿੱਚ ਸਥਿਰਤਾ ਲਿਆਉਣ ਲਈ ਇਕੱਠੇ ਕੰਮ ਕਰਨਾ ਮਹੱਤਵਪੂਰਨ ਹੈ।
ਮੋਦੀ ਦੀ ਚੀਨ ਯਾਤਰਾ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਦੀ ਭਾਰਤ ਯਾਤਰਾ ਤੋਂ ਲਗਭਗ ਦੋ ਹਫਤਿਆਂ ਬਾਅਦ ਹੋਈ ਹੈ। ਵੈਂਗ ਦੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ‘ਸਥਿਰ ਸਹਿਯੋਗੀ ਅਤੇ ਅਗਾਂਹਵਧੂ’ ਸਬੰਧਾਂ ਲਈ ਕਈ ਕਦਮਾਂ ਦਾ ਐਲਾਨ ਕੀਤਾ। ਇਨ੍ਹਾਂ ਕਦਮਾਂ ਵਿੱਚ ਵਿਵਾਦਤ ਸਰਹੱਦ ’ਤੇ ਸ਼ਾਂਤੀ ਦੀ ਸਾਂਝੀ ਸਾਂਭ-ਸੰਭਾਲ, ਸਰਹੱਦੀ ਵਪਾਰ ਨੂੰ ਮੁੜ ਸ਼ੁਰੂ ਕਰਨਾ ਅਤੇ ਸਿੱਧੀ ਉਡਾਣ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਸ਼ਾਮਲ ਸੀ।
ਪਿਛਲੇ ਕੁਝ ਮਹੀਨਿਆਂ ਵਿੱਚ ਦੋਵਾਂ ਧਿਰਾਂ ਨੇ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਈ ਘਾਤਕ ਝੜਪਾਂ ਤੋਂ ਬਾਅਦ ਤਣਾਅ ਵਿੱਚ ਆਏ ਸਬੰਧਾਂ ਨੂੰ ਮੁੜ ਸੁਧਾਰਨ ਲਈ ਕਈ ਕਦਮ ਸ਼ੁਰੂ ਕੀਤੇ ਹਨ। ਪ੍ਰਧਾਨ ਮੰਤਰੀ ਨੇ ਆਖਰੀ ਵਾਰ ਜੂਨ 2018 ਵਿੱਚ ਐਸਸੀਓ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦਾ ਦੌਰਾ ਕੀਤਾ ਸੀ।