PM Modi Bihar Visit: ‘ਉਹ ਦਿਨ ਦੂਰ ਨਹੀਂ, ਜਦੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ’: ਮੋਦੀ
ਕਰਕਟ (ਬਿਹਾਰ), 30 ਮਈ
ਨਕਸਲਵਾਦ ਅਤੇ ਲਾਲ ਦਹਿਸ਼ਤ ਵਿਰੁੱਧ ਕੇਂਦਰ ਦੀ ਲੜਾਈ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਵਿੱਚੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਕਰਕਟ ਵਿੱਚ 48,520 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ੍ਰੀ ਮੋਦੀ ਨੇ ਕਿਹਾ, ‘‘ਬਿਹਾਰ ਦੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਅਸੀਂ ਪਿਛਲੇ ਸਾਲਾਂ ਵਿੱਚ ਹਿੰਸਾ ਅਤੇ ਅਸ਼ਾਂਤੀ ਫੈਲਾਉਣ ਵਾਲਿਆਂ ਨੂੰ ਕਿਵੇਂ ਖਤਮ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਬਿਹਾਰ ਵਿੱਚ ਵਿਕਾਸ ਕਾਰਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੁਝ ਸਾਲ ਪਹਿਲਾਂ ਸਾਸਾਰਾਮ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਨਕਸਲਵਾਦ ਕਿਵੇਂ ਭਾਰੂ ਸੀ, 2014 ਤੋਂ ਪਹਿਲਾਂ 75 ਤੋਂ ਵੱਧ ਜ਼ਿਲ੍ਹੇ ਨਕਸਲ ਪ੍ਰਭਾਵਿਤ ਸਨ। ਹੁਣ ਸਿਰਫ਼ 18 ਜ਼ਿਲ੍ਹੇ ਨਕਸਲ ਪ੍ਰਭਾਵਿਤ ਰਹਿ ਗਏ ਹਨ। ਉਹ ਦਿਨ ਦੂਰ ਨਹੀਂ ਜਦੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।’’-ਏਐਨਆਈ