ਪ੍ਰਧਾਨ ਮੰਤਰੀ ਮੋਦੀ ਯੂਕੇ ਪਹੁੰਚੇ; ਇਤਿਹਾਸਕ ਭਾਰਤ-ਯੂਕੇ ਮੁਕਤ ਵਪਾਰ ਸਮਝੌਤਾ ਹੋਵੇਗਾ ਸਹੀਬੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਯੂਕੇ ਪਹੁੰਚ ਗਏ ਹਨ। ਸਾਲ 2014 ਵਿਚ ਪ੍ਰਧਾਨ ਮੰਤਰੀ ਬਣਨ ਮਗਰੋਂ ਉਨ੍ਹਾਂ ਦਾ ਬਰਤਾਨੀਆ ਦਾ ਇਹ ਚੌਥਾ ਦੌਰਾ ਹੈ। ਸ੍ਰੀ ਮੋਦੀ ਆਪਣੀ ਇਸ ਫੇਰੀ ਦੌਰਾਨ ਨਵੇਂ ਚੁਣੇ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਉੱਚ ਪੱਧਰੀ ਗੱਲਬਾਤ ਕਰਨਗੇ।
ਇਸ ਦੌਰਾਨ ਦੋਵੇਂ ਆਗੂ ਵਪਾਰ, ਸਿਹਤ ਸੰਭਾਲ, ਸਾਫ ਊਰਜਾ, ਸਿੱਖਿਆ ਤੇ ਸੁਰੱਖਿਆ ਸਣੇ ਵੱਖ ਵੱਖ ਮੁੱਦਿਆਂ ’ਤੇ ਉੱਚ ਪੱਧਰੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦੀ ਯੂਕੇ ਫੇਰੀ ਦੀ ਮੁੱਖ ਖਿੱਚ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ’ਤੇ ਸਹੀ ਪੈਣਾ ਹੈ।
ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ ’ਤੇ ਲੰਡਨ ਵਿਚ ਕੇਂਦਰੀ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਸਹੀ ਪਾਉਣਗੇ, ਜੋ ਪ੍ਰਧਾਨ ਮੰਤਰੀ ਮੋਦੀ ਨਾਲ ਯੂਕੇ ਦੀ ਯਾਤਰਾ ’ਤੇ ਗਏ ਹਨ। ਇਹ ਸਮਝੌਤਾ ਕਰੀਬ ਤਿੰਨ ਸਾਲਾਂ ਦੇ ਗੁੰਝਲਦਾਰ ਵਿਚਾਰ-ਵਟਾਂਦਰੇ ਤੋਂ ਬਾਅਦ 6 ਮਈ ਨੂੰ ਸਿਰੇ ਚੜ੍ਹਿਆ ਹੈ।
Touched by the warm welcome from the Indian community in the UK. Their affection and passion towards India’s progress is truly heartening. pic.twitter.com/YRdLcNTWSS
— Narendra Modi (@narendramodi) July 23, 2025
ਯੂਰਪੀ ਯੂਨੀਅਨ ਛੱਡਣ ਤੋਂ ਬਾਅਦ ਇਹ ਯੂਕੇ ਵੱਲੋਂ ਕੀਤੇ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਵਪਾਰ ਸਮਝੌਤਾ ਹੈ। ਇਸ ਨਾਲ ਕਿਰਤ ਅਧਾਰਿਤ ਵਸਤਾਂ ਚਮੜਾ, ਜੁੱਤੀਆਂ ਅਤੇ ਕੱਪੜਿਆਂ ਦੀ ਰਿਆਇਤੀ ਦਰਾਂ ’ਤੇ ਬਰਾਮਦਗੀ ਸੰਭਵ ਹੋਵੇਗੀ ਜਦਕਿ ਬਰਤਾਨੀਆ ਤੋਂ ਵਿਸਕੀ ਅਤੇ ਕਾਰਾਂ ਦੀ ਦਰਾਮਦ ਸਸਤੀ ਹੋ ਜਾਵੇਗੀ। ਇਹ ਸਮਝੌਤਾ ਦੋਵੇਂ ਅਰਥਚਾਰਿਆਂ ਵਿਚਾਲੇ ਵਪਾਰ ਨੂੰ 2030 ਤੱਕ ਦੁੱਗਣਾ ਕਰਕੇ 120 ਅਰਬ ਡਾਲਰ ਤੱਕ ਪਹੁੰਚਾਉਣ ’ਚ ਮਦਦ ਕਰੇਗਾ। ਸਮਝੌਤੇ ’ਤੇ ਦਸਤਖ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਮੌਜੂਦਗੀ ’ਚ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਪਹਿਲਾਂ ਹੀ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਚੁੱਕੀ ਹੈ ਜਦੋਂਕਿ ਇਸ ਨੂੰ ਅਮਲੀ ਰੂਪ ਦੇਣ ਲਈ ਯੂਕੇ ਸੰਸਦ ਵਿੱਚੋਂ ਪਾਸ ਕਰਵਾਉਣਾ ਜ਼ਰੂਰੀ ਹੋਵੇਗਾ। ਯੂਕੇ ਭਾਰਤ ਦੇ ਚੋਟੀ ਦੇ ਨਿਵੇਸ਼ਕਾਂ ਵਿੱਚੋਂ ਇੱਕ ਹੈ, ਜਿਸ ਦਾ ਕੁੱਲ ਨਿਵੇਸ਼ 36 ਅਰਬ ਡਾਲਰ ਹੈ। ਇਕ ਹਜ਼ਾਰ ਤੋਂ ਵੱਧ ਭਾਰਤੀ ਕੰਪਨੀਆਂ ਬ੍ਰਿਟੇਨ ਵਿੱਚ ਕੰਮ ਕਰਦੀਆਂ ਹਨ, ਜੋ ਇਕ ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ ਅਤੇ ਕਰੀਬ 2 ਅਰਬ ਡਾਲਰ ਦਾ ਯੋਗਦਾਨ ਪਾਉਂਦੀਆਂ ਹਨ।