ਪੀਐੱਮ ਦਾ ਮਤਲਬ ਪਨੌਤੀ ਮੋਦੀ: ਰਾਹੁਲ ਗਾਂਧੀ
ਜੈਪੁਰ, 21 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨੂੰ ‘ਪਨੌਤੀ ਮੋਦੀ’ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਦਕਿਸਮਤੀ ਲਿਆਉਂਦੇ ਹਨ। ਰਾਹੁਲ ਗਾਂਧੀ ਅੱਜ ਉਦੈਪੁਰ ਦੇ ਵੱਲਭਨਗਰ ਅਤੇ ਬਾਲੋਤਰਾ ਦੇ ਬਾਇਤੂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਰੈਲੀਆਂ ਦੌਰਾਨ ਕਾਂਗਰਸ ਆਗੂ ਨੇ ਦੇਸ਼ ਭਰ ’ਚ ਜਾਤੀ ਜਨਗਣਨਾ ਕਰਾਉਣ ਸਮੇਤ ਹੋਰ ਮੁੱਦੇ ਵੀ ਚੁੱਕੇ।
ਬਾਇਤੂ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਭਾਰਤ ਨੂੰ ਆਸਟਰੇਲੀਆ ਤੋਂ ਮਿਲੀ ਹਾਰ ਦਾ ਜ਼ਿਕਰ ਕੀਤਾ ਤੇ ਬਦਕਿਸਮਤੀ ਨਾਲ ਸਬੰਧਤ ਸ਼ਬਦ ‘ਪਨੌਤੀ’ ਦੀ ਵਰਤੋਂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਦੇ ਆਪਣੇ ਨਾਂ ਵਾਲੇ ਅਹਿਮਦਾਬਾਦ ਕ੍ਰਿਕਟ ਸਟੇਡੀਅਮ ਪੁੱਜਣ ਮਗਰੋਂ ਭਾਰਤ ਦੀ ਹਾਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ‘ਪਨੌਤੀ’ ਸ਼ਬਦ ਵੱਡੀ ਪੱਧਰ ’ਤੇ ਘੁੰਮ ਰਿਹਾ ਹੈ। ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਜਦਕਿ ਸਨਅਤਕਾਰ ਅਡਾਨੀ ਉਨ੍ਹਾਂ ਦੀਆਂ ਜੇਬਾਂ ਕੱਟ ਰਿਹਾ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਟੀਵੀ ’ਤੇ ਆਉਂਦੇ ਹਨ ਤੇ ਕਦੀ ‘ਹਿੰਦੂ-ਮੁਸਲਿਮ’ ਕਹਿੰਦੇ ਹਨ ਅਤੇ ਕਦੀ ਕ੍ਰਿਕਟ ਮੈਚ ’ਚ ਚਲੇ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਮੈਚ ਹਾਰ ਗਏ। ਪਨੌਤੀ।’ ਉਨ੍ਹਾਂ ਕਿਹਾ, ‘ਪੀਐੱਮ ਦਾ ਮਤਲਬ ਪਨੌਤੀ ਮੋਦੀ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਵੱਡੇ ਸਨਅਤਕਾਰਾਂ ਦਾ ਕਰਜ਼ਾ ਮੁਆਫ਼ ਕਰਨ ਤੇ ਉਨ੍ਹਾਂ ਨੂੰ ਸਹੂਲਤਾਂ ਦੇਣ ਦਾ ਵੀ ਦੋਸ਼ ਲਾਇਆ।
ਇਸ ਤੋਂ ਪਹਿਲਾਂ ਵੱਲਭਨਗਰ ’ਚ ਰੈਲੀ ਦੌਰਾਨ ਉਨ੍ਹਾਂ ਦੇਸ਼ ਭਰ ’ਚ ਜਾਤੀ ਜਨਗਣਨਾ ਦੀ ਮੰਗ ਸਮੇਤ ਵੱਖ ਵੱਖ ਮੁੱਦੇ ਚੁੱਕੇ। ਉਨ੍ਹਾਂ ਜਾਤੀ ਜਨਗਣਨਾ ਨੂੰ ਦੇਸ਼ ਦਾ ਐਕਸ-ਰੇਅ ਦੱਸਦਿਆਂ ਕਿਹਾ ਕਿ ਜੇਕਰ ਰਾਜਸਥਾਨ ’ਚ ਕਾਂਗਰਸ ਸੱਤਾ ’ਚ ਰਹਿੰਦੀ ਹੈ ਤਾਂ ਸੂਬੇ ’ਚ ਜਾਤੀ ਜਨਗਣਨਾ ਕਰਾਏਗੀ ਅਤੇ ਜੇਕਰ ਪਾਰਟੀ ਕੇਂਦਰ ’ਚ ਸਰਕਾਰ ਬਣਾਉਂਦੀ ਹੈ ਤਾਂ ਕੌਮੀ ਪੱਧਰ ’ਤੇ ਵੀ ਅਜਿਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਪਤਾ ਹੀ ਨਹੀਂ ਹੈ ਕਿ ਕਿਸ ਦੀ ਆਬਾਦੀ ਕਿੰਨੀ ਹੈ ਤਾਂ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਕਿਸ ਤਰ੍ਹਾਂ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਕਹਿੰਦੇ ਸਨ ਕਿ ਉਹ ਓਬੀਸੀ ਹਨ ਪਰ ਜਿਸ ਦਿਨ ਉਨ੍ਹਾਂ ਜਾਤੀ ਜਨਗਣਨਾ ਦੀ ਮੰਗ ਚੁੱਕੀ ਤਾਂ ਮੋਦੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਰਤ ’ਚ ਸਿਰਫ਼ ਇੱਕ ਹੀ ਜਾਤੀ ਹੈ ਤੇ ਉਹ ਗਰੀਬ ਹੈ। -ਪੀਟੀਆਈ
ਪ੍ਰਧਾਨ ਮੰਤਰੀ ਬਾਰੇ ਟਿੱਪਣੀ ਲਈ ਰਾਹੁਲ ਮੁਆਫੀ ਮੰਗਣ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪਨੌਤੀ ਮੋਦੀ’ ਕਹਿਣ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਟਿੱਪਣੀ ਨੂੰ ਸ਼ਰਮਨਾਕ ਤੇ ਅਪਮਾਨ ਭਰੀ ਕਰਾਰ ਦਿੰਦਿਆਂ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਗਾਂਧੀ ਦੀ ਪ੍ਰਧਾਨ ਮੰਤਰੀ ਬਾਰੇ ਟਿੱਪਣੀ ਸ਼ਰਮਨਾਕ, ਨਿੰਦਣਯੋਗ ਤੇ ਅਪਮਾਨ ਭਰੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਆਪਣਾ ਅਸਲੀ ਰੰਗ ਦਿਖਾ ਦਿੱਤਾ ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੱਲੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਮੋਦੀ ਨੂੰ ‘ਮੌਤ ਦਾ ਸੌਦਾਗਰ’ ਕਹੇ ਜਾਣ ਮਗਰੋਂ ਕਾਂਗਰਸ ਗੁਜਰਾਤ ’ਚ ਕਿਸ ਤਰ੍ਹਾਂ ਡੁੱਬ ਗਈ ਸੀ।’ ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਗਾਂਧੀ ਨੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਨੂੰ ਦੇਖਦਿਆਂ ਨਿਰਾਸ਼ ਹੋ ਕੇ ਇਹ ਟਿੱਪਣੀ ਕੀਤੀ ਹੈ। -ਪੀਟੀਆਈ