ਪੁਲਾੜ ਤੋਂ ਭਾਰਤ ਨਕਸ਼ੇ ਨਾਲੋਂ ਕਿਤੇ ਵੱਡਾ ਤੇ ਵਿਸ਼ਾਲ ਨਜ਼ਰ ਆਉਂਦੈ: ਸ਼ੁਭਾਸ਼ੂ ਸ਼ੁਕਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਲਾੜ ਯਾਤਰੀ ਸ਼ੁਭਾਸ਼ੂ ਸ਼ੁਕਲਾ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ; ਸਾਬਕਾ ਪੀਐੱਮ ਇੰਦਰਾ ਗਾਂਧੀ ਵੱਲੋਂ ਚਾਰ ਦਹਾਕੇ ਪਹਿਲਾਂ ਰਾਕੇਸ਼ ਸ਼ਰਮਾ ਨਾਲ ਕੀਤੇ ਸੰਵਾਦ ਦੀ ਯਾਦ ਤਾਜ਼ਾ ਹੋਈ
ਅਕਸ਼ੀਵ ਠਾਕੁਰ
ਨਵੀਂ ਦਿੱਲੀ, 28 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਮੌਜੂਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਰੂਬਰੂ ਹੋਏ। ਮੋਦੀ ਨੇ ਕਿਹਾ ਕਿ ਲਖਨਊ ਵਿੱਚ ਜਨਮੇ ਪੁਲਾੜ ਯਾਤਰੀ ਦੀ ਇਤਿਹਾਸਕ ਯਾਤਰਾ ਸਿਰਫ਼ ਪੁਲਾੜ ਤੱਕ ਸੀਮਤ ਨਹੀਂ ਸੀ, ਸਗੋਂ 'ਵਿਕਸਿਤ ਭਾਰਤ' ਵੱਲ ਪੇਸ਼ਕਦਮੀ ਨੂੰ ਨਵੀਂ ਰਫ਼ਤਾਰ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ ਭਾਰਤ ਤੋਂ ਸਭ ਤੋਂ ਦੂਰ ਹੋ, ਪਰ ਸਾਰੇ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਨੇੜੇ ਹੋ।’’ ਸ਼ੁਕਲਾ ਨੇ ਕਿਹਾ ਕਿ ਪੁਲਾੜ ਸਟੇਸ਼ਨ ਦੀ ਉਨ੍ਹਾਂ ਦੀ ਯਾਤਰਾ ਸਿਰਫ਼ ਇੱਕ ਨਿੱਜੀ ਪ੍ਰਾਪਤੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੂਹਿਕ ਪ੍ਰਾਪਤੀ ਹੈ। ਸ਼ੁਕਲਾ ਨੇ ਪੁਲਾੜ ਸਟੇਸ਼ਨ ਤੋਂ ਇੱਕ ਵੀਡੀਓ ਲਿੰਕ ਰਾਹੀਂ ਪ੍ਰਧਾਨ ਮੰਤਰੀ ਨੂੰ ਦੱਸਿਆ ‘‘ਜਦੋਂ ਮੈਂ ਪਹਿਲੀ ਵਾਰ ਪੁਲਾੜ ਤੋਂ ਭਾਰਤ ਨੂੰ ਦੇਖਿਆ, ਤਾਂ ਇਹ ਨਕਸ਼ੇ ਨਾਲੋਂ ਕਿਤੇ ਵੱਡਾ ਅਤੇ ਵਿਸ਼ਾਲ ਦਿਖਾਈ ਦਿੱਤਾ।’’
ਪੀਐੱਮਓ (ਪ੍ਰਧਾਨ ਮੰਤਰੀ ਦਫ਼ਤਰ) ਇੰਡੀਆ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਰੂਬਰੂ ਹੋਏ, ਜੋ ਇਸ ਵੇਲੇ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਹੈ।’’ ਸ੍ਰੀ ਮੋਦੀ ਤੇ ਸ਼ੁਕਲਾ ਦਰਮਿਆਨ ਸੰਵਾਦ ਚਾਰ ਦਹਾਕੇ ਪਹਿਲਾਂ (1984 ’ਚ) ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਕੇਸ਼ ਸ਼ਰਮਾ ਵਿਚਾਲੇ ਹੋਈ ਗੱਲਬਾਤ ਦੀ ਯਾਦ ਦਿਵਾਉਂਦਾ ਹੈ। ਸ਼ਰਮਾ ਨੇ ਉਦੋਂ ਪੁਲਾੜ ਤੋਂ ਗਾਂਧੀ ਨਾਲ ਗੱਲ ਕੀਤੀ ਸੀ।
ਇਸ ਗੱਲਬਾਤ ਨੂੰ ਸ਼ਰਮਾ ਦੇ ਯਾਦਗਾਰੀ ਜਵਾਬ ਲਈ ਯਾਦ ਕੀਤਾ ਜਾਂਦਾ ਹੈ ਜਦੋਂ ਗਾਂਧੀ ਨੇ ਪੁੱਛਿਆ ਸੀ ਕਿ ਭਾਰਤ ਪੁਲਾੜ ਤੋਂ ਕਿਵੇਂ ਦਿਖਾਈ ਦਿੰਦਾ ਹੈ। ਪ੍ਰੈੱਸ ਕਾਨਫਰੰਸ, ਜਿਸ ਵਿੱਚ ਮਾਸਕੋ ਦੇ ਅਧਿਕਾਰੀ ਵੀ ਸ਼ਾਮਲ ਸਨ, ਦੌਰਾਨ ਗਾਂਧੀ ਨੇ ਸ਼ਰਮਾ ਨੂੰ ਪੁੱਛਿਆ ਸੀ "ਉੱਪਰ ਸੇ ਭਾਰਤ ਕੈਸਾ ਦਿਖਤਾ ਹੈ ਆਪਕੋ (ਪੁਲਾੜ ਤੋਂ ਭਾਰਤ ਕਿਵੇਂ ਦਿਖਾਈ ਦਿੰਦਾ ਹੈ?)।" ਸ਼ਰਮਾ ਨੇ ਕਿਹਾ ਸੀ, ‘‘ਸਾਰੇ ਜਹਾਂ ਸੇ ਅੱਛਾ।’’