ਅਹਿਮਦਾਬਾਦ ਜਹਾਜ਼ ਹਾਦਸੇ ਲਈ ਪਾਇਲਟ ਦੋਸ਼ੀ ਨਹੀਂ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ’ਚ ਮਾਰੇ ਗਏ ਪਾਇਲਟ ਦੇ ਪਿਤਾ ਪੁਸ਼ਕਰਰਾਜ ਸੱਭਰਵਾਲ (91) ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਹਾਦਸੇ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਹ ਆਪਣੇ ਉੱਤੇ ਕੋਈ ਅਜਿਹਾ...
ਸੁਪਰੀਮ ਕੋਰਟ ਨੇ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ’ਚ ਮਾਰੇ ਗਏ ਪਾਇਲਟ ਦੇ ਪਿਤਾ ਪੁਸ਼ਕਰਰਾਜ ਸੱਭਰਵਾਲ (91) ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਹਾਦਸੇ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਹ ਆਪਣੇ ਉੱਤੇ ਕੋਈ ਅਜਿਹਾ ਮਾਨਸਿਕ ਬੋਝ ਨਾ ਲੈਣ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਪਿਤਾ ਦੀ ਅਰਜ਼ੀ ’ਤੇ ਕੇਂਦਰ ਅਤੇ ਸ਼ਹਿਰੀ ਹਵਾਬਾਜ਼ੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ। ਬੈਂਚ ਨੇ ਕਿਹਾ ਕਿ ਇਹ ਹਾਦਸਾ ਸੀ ਅਤੇ ਮੁਢਲੀ ਰਿਪੋਰਟ ਵਿੱਚ ਵੀ ਪਾਇਲਟ ਵਿਰੁੱਧ ਕੋਈ ਇਸ਼ਾਰਾ ਨਹੀਂ ਹੈ। ਪਾਇਲਟ ਦੇ ਪਿਤਾ ਪੁਸ਼ਕਰਾਜ ਸੱਭਰਵਾਲ ਅਤੇ ਭਾਰਤੀ ਪਾਇਲਟਾਂ ਦੀ ਫੈਡਰੇਸ਼ਨ ਨੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਕਰਾਉਣ ਦੀ ਅਪੀਲ ਦਾਖ਼ਲ ਕੀਤੀ ਹੈ। ਪੁਸ਼ਕਰਰਾਜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੋਪਾਲ ਸੰਕਰਨਾਰਾਇਣਨ ਨੇ ਕਿਹਾ ਕਿ ਅਮਰੀਕੀ ਅਖ਼ਬਾਰ ‘ਵਾਲ ਸਟ੍ਰੀਟ ਜਰਨਲ’ ਵਿੱਚ ਪਾਇਲਟ ਕੈਪਟਨ ਸੁਮੀਤ ਸੱਭਰਵਾਲ ਬਾਰੇ ਖ਼ਬਰ ਛਪੀ ਸੀ ਤਾਂ ਬੈਂਚ ਨੇ ਕਿਹਾ ਕਿ ਇਹ ਭਾਰਤ ਨੂੰ ਦੋਸ਼ੀ ਠਹਿਰਾਉਣ ਲਈ ਸਿਰਫ ਭੈੜੀ ਰਿਪੋਰਟਿੰਗ ਸੀ। ਅਦਾਲਤ ਨੇ ਇਸ ਮਾਮਲੇ ਨੂੰ 10 ਨਵੰਬਰ ਨੂੰ ਹੋਰ ਬਕਾਇਆ ਪਟੀਸ਼ਨਾਂ ਦੇ ਨਾਲ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਹੋਏ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ।

