ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਖ਼ਿਲਾਫ਼ ਪਟੀਸ਼ਨ ਖਾਰਜ
ਸੁਪਰੀਮ ਕੋਰਟ ਨੇ ਇਸ ਸਾਲ ਮਾਰਚ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਕਰਨਲ ਤੇ ਉਨ੍ਹਾਂ ਦੇ ਪੁੱਤਰ ’ਤੇ ਪੰਜਾਬ ਪੁਲੀਸ ਵੱਲੋਂ ਕੀਤੇ ਕਥਿਤ ਹਮਲੇ ਨਾਲ ਜੁੜੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਖ਼ਿਲਾਫ਼ ਦਾਇਰ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ, ‘ਤੁਸੀਂ ਆਪਣੇ ਘਰ ’ਚ ਚੈਨ ਦੀ ਨੀਂਦ ਸੌਂ ਰਹੇ ਹੋ ਕਿਉਂਕਿ ਫ਼ੌਜ ਸਰਹੱਦ ’ਤੇ ਤਾਇਨਾਤ ਹੈ।’ ਕਥਿਤ ਘਟਨਾ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦਾ ਪੁੱਤਰ ਪਟਿਆਲਾ ’ਚ ਸੜਕ ਕਿਨਾਰੇ ਢਾਬੇ ’ਤੇ ਖਾਣਾ ਖਾ ਰਹੇ ਸਨ।
ਜਸਟਿਸ ਸੰਜੈ ਕੁਮਾਰ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਪੁਲੀਸ ਅਧਿਕਾਰੀਆਂ ਵੱਲੋਂ ਦਾਇਰ ਅਪੀਲ ਖਾਰਜ ਕਰ ਦਿੱਤੀ। ਬੈਂਚ ਨੇ ਕਿਹਾ, ‘ਜਦੋਂ ਜੰਗ ਚੱਲ ਰਹੀ ਹੈ ਤਾਂ ਤੁਸੀਂ ਇਨ੍ਹਾਂ ਫੌਜ ਦੇ ਅਧਿਕਾਰੀਆਂ ਦੇ ਸੋਹਲੇ ਗਾਉਂਦੇ ਹੋ। ਫ਼ੌਜ ਦੇ ਜਵਾਨਾਂ ਲਈ ਕੁਝ ਸਨਮਾਨ ਰੱਖੋ। ਤੁਸੀਂ ਆਪਣੇ ਘਰ ਵਿੱਚ ਚੈਨ ਦੀ ਨੀਂਦ ਸੌਂ ਰਹੇ ਹੋ ਕਿਉਂਕਿ ਫ਼ੌਜ ਮਨਫੀ ਤੋਂ 40 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ ’ਤੇ ਵੀ ਸਰਹੱਦ ’ਤੇ ਤਾਇਨਾਤ ਹੈ।’ ਬੈਂਚ ਨੇ ਕਿਹਾ, ‘ਅਸੀਂ ਇਸ ਅਪੀਲ ਨੂੰ ਭਾਰੀ ਜੁਰਮਾਨੇ ਨਾਲ ਖਾਰਜ ਕਰਦੇ ਹਾਂ। ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦਿੱਤੀ ਜਾਵੇ। ਉਹ ਤੁਹਾਡਾ ਬਚਾਅ ਕਰਨ ਜਾਂਦੇ ਹਨ ਤੇ ਕੌਮੀ ਝੰਡੇ ’ਚ ਲਿਪਟੇ ਹੋਏ ਵਾਪਸ ਆਉਂਦੇ ਹਨ।’ ਮੁਲਜ਼ਮ ਪੁਲੀਸ ਅਧਿਕਾਰੀਆਂ ਨੇ ਜਾਂਚ ਸੀਬੀਆਈ ਹਵਾਲੇ ਕਰਨ ਸਬੰਧੀ ਹਾਈ ਕੋਰਟ ਦੇ 16 ਜੁਲਾਈ ਦੇ ਹੁਕਮ ਖ਼ਿਲਾਫ਼ ਸਿਖਰਲੀ ਅਦਾਲਤ ਦਾ ਰੁਖ਼ ਕੀਤਾ ਸੀ। ਅਦਾਲਤ ਦਾ ਇਹ ਨਿਰਦੇਸ਼ ਹਾਈ ਕੋਰਟ ਵੱਲੋਂ ਜਾਂਚ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਦੀ ਝਾੜ-ਝੰਬ ਕੀਤੇ ਜਾਣ ਤੋਂ ਦੋ ਦਿਨ ਬਾਅਦ ਆਇਆ ਹੈ। -ਪੀਟੀਆਈ