ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਹੋਈ ਰਿਕਾਰਡ ਵੋਟਿੰਗ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੂੰ ‘ਨਰਿੰਦਰ ਤੇ ਨਿਤੀਸ਼ ਦੀ ਕਾਰਗੁਜ਼ਾਰੀ’ ’ਚ ਭਰੋਸਾ ਹੈ। ਬਿਹਾਰ ਦੇ ਔਰੰਗਾਬਾਦ ਦੇ ਕੈਮੂਲ ਜ਼ਿਲ੍ਹੇ ਦੇ ਹੈੱਡਕੁਆਰਟਰ ਭਬੂਆ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਬਿਹਾਰ ’ਚ ਜਨਤਾ ਦਲ (ਯੂ) ਦੇ ਮੁਖੀ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਐੱਨ ਡੀ ਏ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਅਤੇ 121 ਸੀਟਾਂ ’ਤੇ ਅਮਨ ਅਮਾਨ ਨਾਲ ਚੋਣਾਂ ਕਰਾਉਣ ਲਈ ਚੋਣ ਕਮਿਸ਼ਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਰਾਮ ਮੰਦਰ ਦੇ ਨਿਰਮਾਣ, ਧਾਰਾ 370 ਹਟਾਉਣ ਅਤੇ ਅਪਰੇਸ਼ਨ ਸਿੰਧੂਰ ਦੀ ਮਿਸਾਲ ਦਿੰਦਿਆਂ ਕਿਹਾ, ‘‘ਮੈਂ ਜੋ ਵਾਅਦਾ ਕਰਦਾ ਹਾਂ, ਨਿਭਾਉਂਦਾ ਹਾਂ।’’
ਸ੍ਰੀ ਮੋਦੀ ਨੇ ਕਿਹਾ, ‘‘ਬੀਤੇ ਦਿਨ ਬਿਹਾਰ ਦੇ ਵੋਟਰਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ। ਸੂਬੇ ਦੇ ਇਤਿਹਾਸ ’ਚ ਇਸ ਤੋਂ ਪਹਿਲਾਂ ਇੰਨਾ ਜ਼ਿਆਦਾ ਵੋਟ ਪ੍ਰਤੀਸ਼ਤ ਨਹੀਂ ਰਿਹਾ। ਇਸ ਦਾ ਸਿਹਰਾ ਮਾਵਾਂ-ਭੈਣਾਂ ਨੂੰ ਜਾਂਦਾ ਹੈ ਜਿਨ੍ਹਾਂ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਵੋਟ ਫੀਸਦ ਤਕਰੀਬਨ 65 ਫੀਸਦ ਤੱਕ ਪਹੁੰਚਾਇਆ। ਇਹ ਸਪੱਸ਼ਟ ਹੈ ਕਿ ਉਨ੍ਹਾਂ ਸਾਰਿਆਂ ਨੂੰ ਨਰਿੰਦਰ-ਨਿਤੀਸ਼ ਦੇ ਟਰੈਕ ਰਿਕਾਰਡ ’ਤੇ ਭਰੋਸਾ ਹੈ।’’ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਰ ਸ਼ਾਮ ਦੋ ਰੋਜ਼ਾ ਦੌਰੇ ’ਤੇ ਵਾਰਾਣਸੀ ਪਹੁੰਚ ਗਏ ਹਨ ਜਿੱਥੇ ਉਹ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਦਾ ਉਦਘਾਟਨ ਕਰਨਗੇ।
ਵਿਰੋਧੀਆਂ ਕੋਲ ਵਿਕਾਸ ਦਾ ਏਜੰਡਾ ਨਹੀਂ: ਸ਼ਾਹ
ਜਮੁਈ/ਭਾਗਲਪੁਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਵਿਰੋਧੀ ਆਗੂਆਂ ਕੋਲ ਬਿਹਾਰ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਆਰ ਜੇ ਡੀ-ਕਾਂਗਰਸ ਗੱਠਜੋੜ ਨੇ ਆਪਣੇ ਕਾਰਜਕਾਲ ’ਚ ਗਰੀਬਾਂ ਲਈ ਕੁਝ ਨਹੀਂ ਕੀਤਾ, ਬਸ ‘ਘੁਸਪੈਠੀਆਂ ਨੂੰ ਪਨਾਹ’ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਆਰ ਜੇ ਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘‘ਜੋ ਸਿਰਫ਼ ਆਪਣੇ ਧੀਆਂ-ਪੁੱਤਾਂ ਦੀ ਭਲਾਈ ਦੀ ਫਿਕਰ ਕਰਦੇ ਹਨ, ਉਹ ਬਿਹਾਰ ਦਾ ਵਿਕਾਸ ਨਹੀਂ ਕਰ ਸਕਦੇ।’’ -ਪੀਟੀਆਈ

