ਪਰਲਜ਼ ਗਰੁੱਪ ਘਪਲਾ :ਹੇਅਰ ਦੀ ਜ਼ਮਾਨਤ ਪਟੀਸ਼ਨ ਖਾਰਜ
ਇਥੋਂ ਦੀ ਰਾਊਜ਼ ਐਵੇਨਿਊ ਕੋਰਟ ਨੇ ਪਰਲਜ਼ ਗਰੁੱਪ ਘਪਲੇ ਦੇ ਮਾਮਲੇ ’ਚ ਕਾਰੋਬਾਰੀ ਹਰਸਤਿੰਦਰ ਪਾਲ ਸਿੰਘ ਹੇਅਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੇਅਰ ’ਤੇ ਨਿਵੇਸ਼ਕਾਂ ਨਾਲ ਕਥਿਤ ਤੌਰ ’ਤੇ 48,000 ਕਰੋੜ ਰੁਪਏ ਦੀ ਠੱਗੀ ਮਾਰਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਹੇਅਰ ਪਰਲਜ਼ ਗਰੁੱਪ ਦੇ ਸਾਬਕਾ ਸੀਐੱਮਡੀ ਮਰਹੂਮ ਨਿਰਮਲ ਸਿੰਘ ਭੰਗੂ ਦਾ ਜਵਾਈ ਹੈ ਤੇ ਪੀਏਸੀਐੱਲ ਨਾਲ ਜੁੜੇ ਇਸ ਮਾਮਲੇ ਦੇ ਮੁਲਜ਼ਮਾਂ ’ਚ ਸ਼ਾਮਲ ਹੈ। ਉਹ ਇਸ ਸਬੰਧੀ ਸੀਬੀਆਈ ਵੱਲੋਂ ਦਾਇਰ ਕੇਸ ਵਿੱਚ ਦਿੱਲੀ ਹਾਈ ਕੋਰਟ ਦੇ ਹੁਕਮਾਂ ’ਤੇ ਜ਼ਮਾਨਤ ’ਤੇ ਹੈ। ਸੀਬੀਆਈ ਜੱਜ ਜਗਦੀਸ਼ ਕੁਮਾਰ ਨੇ ਹੇਅਰ ਦੀ ਜ਼ਮਾਨਤ ਪਟੀਸ਼ਨ ਮਨੀ ਲਾਂਡਰਿੰਗ ਮਾਮਲੇ ਵਿੱਚ ਲਾਏ ਗਏ ਦੋਸ਼ਾਂ ਦੀ ਪ੍ਰਕਿਰਤੀ ਨੂੰ ਦੇਖਦਿਆਂ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਹੇਅਰ ’ਤੇ ਨਿਵੇਸ਼ਕਾਂ ਦੀ ਕਮਾਈ ਦੇ ਗਬਨ ਨਾਲ ਜੁੜਿਆ ਆਰਥਿਕ ਅਪਰਾਧ ਦਾ ਦੋਸ਼ ਹੈ। ਵਿਸ਼ੇਸ਼ ਜੱਜ ਨੇ 25 ਜੁਲਾਈ ਨੂੰ ਦਿੱਤੇ ਹੁਕਮ ’ਚ ਕਿਹਾ, ‘ਭੋਲੇ-ਭਾਲੇ ਨਿਵੇਸ਼ਕਾਂ ਕੋਲੋਂ ਲਗਪਗ 48,000 ਕਰੋੜ ਰੁਪਏ ਠੱਗੇ ਗਏ ਹਨ।’