ਪਟਨਾ: ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦਾ ਮੁੱਖ ਸ਼ੱਕੀ ਪੁਲੀਸ ਮੁਕਾਬਲੇ ’ਚ ਢੇਰ
Key suspect in industrialist Gopal Khemka's murder killed in police
ਪਟਨਾ, 8 ਜੁਲਾਈ
ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦਾ ਇੱਕ ਮੁੱਖ ਸ਼ੱਕੀ ਨੂੰ ਮੰਗਲਵਾਰ ਤੜਕੇ ਪਟਨਾ ਦੇ ਡਮਰੀਆ ਘਾਟ ਇਲਾਕੇ ਵਿੱਚ ਪੁਲੀਸ ਨਾਲ ਹੋਈ ਮੁੱਠਭੇੜ ਵਿੱਚ ਮਾਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ ਉਰਫ਼ ਰਾਜਾ (29), ਜੋ ਕਿ ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਮਾਮਲੇ ਦਾ ਮੁੱਖ ਸ਼ੱਕੀ ਸੀ, ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਕਤਲ ਕੇਸ ਦੀ ਜਾਂਚ ਕਰ ਰਹੀ ਅਧਿਕਾਰੀਆਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਉਹ ਵਿਕਾਸ ਦੀ ਤਲਾਸ਼ ਵਿੱਚ ਤੜਕਸਾਰ ਡਮਰੀਆ ਘਾਟ ਪਹੁੰਚੇ।
ਪੁਲਿਸ ਅਧਿਕਾਰੀ ਨੇ ਦੱਸਿਆ, ‘‘ਪੁਲੀਸ ਕਰਮਚਾਰੀਆਂ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀ ਵੀ ਚਲਾਈ। ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਉਹ ਮਾਰਿਆ ਗਿਆ।’’ ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਪੁਲੀਸ ਕਰਮਚਾਰੀ ਦੇ ਸੱਟ ਲੱਗਣ ਤੋਂ ਬਚਾਅ ਰਿਹਾ। ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਇੱਕ ਪਿਸਤੌਲ, ਇੱਕ ਚੱਲਿਆ ਹੋਇਆ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸ਼ੱਕ ਹੈ ਕਿ ਵਿਕਾਸ ਨੇ ਉਹ ਹਥਿਆਰ ਮੁਹੱਈਆ ਕਰਵਾਇਆ ਸੀ ਜੋ ਖੇਮਕਾ ਦੇ ਕਤਲ ਵਿੱਚ ਵਰਤਿਆ ਗਿਆ ਸੀ। ਪੁਲੀਸ ਨੇ ਪਹਿਲਾਂ ਹੀ ਗਨਮੈਨ ਉਮੇਸ਼ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ’ਤੇ ਕੰਟਰੈਕਟ ਕਿਲਰ ਨੂੰ ਕਿਰਾਏ 'ਤੇ ਲੈਣ ਦਾ ਸ਼ੱਕ ਹੈ।
ਜ਼ਿਕਰਯੋਗ ਹੈ ਕਿ ਖੇਮਕਾ ਨੂੰ ਸ਼ੁੱਕਰਵਾਰ ਸਵੇਰੇ ਸ਼ਹਿਰ ਦੇ ਗਾਂਧੀ ਮੈਦਾਨ ਇਲਾਕੇ ਵਿੱਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਸੱਤ ਸਾਲ ਪਹਿਲਾਂ, ਉਨ੍ਹਾਂ ਦੇ ਪੁੱਤਰ ਦੀ ਹਾਜੀਪੁਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ

