ਡੇਢ ਮਹੀਨੇ ਤੋਂ ਆਸਟਰੇਲੀਆ ’ਚ ਹੈ ਪਠਾਣਮਾਜਰਾ
ਸਰਕਾਰ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ ਵਾਲੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪੁਲੀਸ ਨੇ ਭਾਵੇਂ ਪਰਚੇ ਤੋਂ ਅਗਲੇ ਹੀ ਦਿਨ (2 ਸਤੰਬਰ) ਨੂੰ ਦੇਸ਼ ਦੇ ਸਮੂਹ ਹਵਾਈ ਅੱਡਿਆਂ ’ਤੇ ਐੱਲ ਓ ਸੀ (ਲੁੱਕ ਆਊਟ ਸਰਕੂਲਰ)...
ਸਰਕਾਰ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ ਵਾਲੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪੁਲੀਸ ਨੇ ਭਾਵੇਂ ਪਰਚੇ ਤੋਂ ਅਗਲੇ ਹੀ ਦਿਨ (2 ਸਤੰਬਰ) ਨੂੰ ਦੇਸ਼ ਦੇ ਸਮੂਹ ਹਵਾਈ ਅੱਡਿਆਂ ’ਤੇ ਐੱਲ ਓ ਸੀ (ਲੁੱਕ ਆਊਟ ਸਰਕੂਲਰ) ਜਾਰੀ ਕਰਵਾ ਦਿੱਤਾ ਸੀ ਪਰ ਇਹ ਵਿਧਾਇਕ ਪੁਲੀਸ ਨੂੰ ਵੀ ਝਕਾਣੀ ਦਿੰਦਿਆਂ ਵਿਦੇਸ਼ ਉਡਾਰੀ ਮਾਰ ਗਿਆ। ਇਸ ਪੱਤਰਕਾਰ ਕੋਲ ਮੌਜੂਦ ਪੁਖਤਾ ਜਾਣਕਾਰੀ ਮੁਤਾਬਿਕ ਪਠਾਣਮਾਜਰਾ ਤਕਰੀਬਨ ਡੇਢ ਮਹੀਨੇ ਤੋਂ ਆਸਟਰੇਲੀਆ ਦੀਆਂ ਵਾਦੀਆਂ ਦਾ ਆਨੰਦ ਮਾਣ ਰਿਹਾ ਹੈ। ਪਠਾਣਮਾਜਰਾ ਨੇ ‘ਆਪ’ ਦੀ ਦਿੱਲੀ ਟੀਮ ’ਤੇ ਪੰਜਾਬ ਸਰਕਾਰ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਵਰਗੇ ਦੋਸ਼ ਲਾਏ ਸਨ ਜਿਸ ਤੋਂ ਬਾਅਦ ਇਸ ਤੋਂ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਗਈਆਂ ਅਤੇ ਇੱਕ ਸਤੰਬਰ 2025 ਨੂੰ ਕੇਸ ਦਰਜ ਕਰਕੇ ਛਾਪੇ ਵੀ ਮਾਰੇ ਗਏ ਪਰ ਵਿਧਾਇਕ ਪਠਾਣਮਾਜਰਾ ਪੁਲੀਸ ਦੇ ਹੱਥੇ ਨਾ ਚੜ੍ਹਿਆ। ਉਸ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ 2 ਸਤੰਬਰ ਨੂੰ ਐੱਲ ਓ ਸੀ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੀ ਪਟਿਆਲਾ ਦੇ ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਵੀ ਪੁਸ਼ਟੀ ਕਰਦੇ ਹਨ। ਇਸ ਦੇ ਬਾਵਜੂਦ ਉਹ ਵਿਦੇਸ਼ ਪਹੁੰਚ ਗਿਆ ਤੇ ਕਰੀਬ ਡੇਢ ਮਹੀਨੇ ਤੋਂ ਆਸਟਰੇਲੀਆ ’ਚ ਹੈ। ਵਿਧਾਇਕ ਦੇ ਆਸਟਰੇਲੀਆ ’ਚ ਹੋਣ ਦੇ ਇਸ ਪੱਤਰਕਾਰ ਕੋਲ ਵੀ ਪੁਖ਼ਤਾ ਸਬੂਤ ਹਨ। ਦੂਜੇ ਪਾਸੇ ਪਠਾਣਮਾਜਰਾ ਨੂੰ ਅਦਾਲਤੀ ਭਗੌੜਾ ਐਲਾਨਣ ਲਈ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਚਲਾਈ ਜਾ ਰਹੀ ਹੈ। ਸੰਮਨ ਤੇ ਵਰੰਟ ਮਗਰੋਂ ਹੁਣ ਕੋਠੀ ’ਤੇ ਚਿਪਕਾਏ ਨੋਟਿਸ ਸਬੰਧੀ 12 ਨਵੰਬਰ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

