ਏਅਰ ਇੰਡੀਆ ਦੇ ਜਹਾਜ਼ ’ਚ ਯਾਤਰੀਆਂ ਨੂੰ ਮਿਲੇ ਕਾਕਰੋਚ
ਏਅਰ ਇੰਡੀਆ ਦੇ ਯਾਤਰੀਆਂ ਨੂੰ ਸਾਂ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਉਡਾਣ ਵਿੱਚ ਛੋਟੇ ਕਾਕਰੋਚ ਮਿਲੇ ਹਨ। ਇਸ ਸਬੰਧੀ ਏਅਰਲਾਈਨ ਨੇ ਕਿਹਾ ਹੈ ਕਿ ਉਹ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਵਿਆਪਕ ਜਾਂਚ ਕਰੇਗੀ ਅਤੇ ਭਵਿੱਖ ਵਿੱਚ ਅਜਿਹਾ ਦੁਬਾਰਾ ਨਾ ਹੋਵੇ, ਇਸ ਲਈ ਉਪਾਅ ਕਰੇਗੀ।
ਫਲਾਈਟ ਟ੍ਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ ਇਹ ਉਡਾਣ ਬੋਇੰਗ 777 ਜਹਾਜ਼ ਨਾਲ ਸੰਚਾਲਿਤ ਕੀਤੀ ਗਈ ਸੀ।
ਏਅਰਲਾਈਨ ਦੇ ਇੱਕ ਬੁਲਾਰੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਸਾਂ ਫਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਮੁੰਬਈ ਜਾਣ ਵਾਲੀ ਫਲਾਈਟ AI180 ’ਤੇ ਦੋ ਯਾਤਰੀਆਂ ਨੂੰ ਬਦਕਿਸਮਤੀ ਨਾਲ ਜਹਾਜ਼ ਵਿੱਚ ਕੁਝ ਛੋਟੇ ਕਾਕਰੋਚਾਂ ਦੀ ਮੌਜੂਦਗੀ ਕਾਰਨ ਪਰੇਸ਼ਾਨੀ ਹੋਈ। ਇਸ ਲਈ ਸਾਡੇ ਕੈਬਿਨ ਕਰੂ ਨੇ ਦੋਵਾਂ ਯਾਤਰੀਆਂ ਨੂੰ ਉਸੇ ਕੈਬਿਨ ਵਿੱਚ ਦੂਜੀਆਂ ਸੀਟਾਂ 'ਤੇ ਬਿਠਾ ਦਿੱਤਾ।’’
ਕੋਲਕਾਤਾ ਵਿੱਚ ਫਲਾਈਟ ਦੇ ਨਿਰਧਾਰਤ ਇਕ ਠਹਿਰਾਅ ਦੌਰਾਨ ਏਅਰਲਾਈਨ ਦੇ ਗਰਾਊਂਡ ਸਟਾਫ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਡੂੰਘੀ ਸਫਾਈ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਅਤੇ ਉਹੀ ਜਹਾਜ਼ ਬਾਅਦ ਵਿੱਚ ਸਮੇਂ ਸਿਰ ਮੁੰਬਈ ਲਈ ਰਵਾਨਾ ਹੋ ਗਿਆ।
ਬੁਲਾਰੇ ਨੇ ਕਿਹਾ, "ਸਾਡੀਆਂ ਨਿਯਮਤ ਫਿਊਮੀਗੇਸ਼ਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਈ ਵਾਰ ਜ਼ਮੀਨੀ ਕਾਰਵਾਈਆਂ ਦੌਰਾਨ ਕੀੜੇ-ਮਕੌੜੇ ਜਹਾਜ਼ ਵਿੱਚ ਦਾਖਲ ਹੋ ਸਕਦੇ ਹਨ। ਏਅਰ ਇੰਡੀਆ ਇਸ ਘਟਨਾ ਦੇ ਸਰੋਤ ਅਤੇ ਕਾਰਨ ਦਾ ਪਤਾ ਲਗਾਉਣ ਲਈ ਇੱਕ ਵਿਆਪਕ ਜਾਂਚ ਕਰੇਗੀ ਅਤੇ ਇਸ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਉਪਾਅ ਲਾਗੂ ਕਰੇਗੀ।" ਬੁਲਾਰੇ ਨੇ ਯਾਤਰੀਆਂ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਮੁਆਫੀ ਵੀ ਮੰਗੀ।