ਮਹਾਰਾਸ਼ਟਰ ਦੇ ਪਾਲਘਰ ’ਚ ਇਮਾਰਤ ਦਾ ਇਕ ਹਿੱਸਾ ਡਿੱਗਾ; ਦੋ ਮੌਤਾਂ, 9 ਜ਼ਖ਼ਮੀ
ਜ਼ਖ਼ਮੀਆਂ ਨੂੰ ਵਿਰਾਰ ਅਤੇ ਨਾਲਾਸੋਪਾਰਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ
Advertisement
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਵਿੱਚ ਇਮਾਰਤ ਦਾ ਇੱਕ ਹਿੱਸਾ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਜ਼ਖਮੀਆਂ ਨੂੰ ਮੁੰਬਈ ਦੇ ਬਾਹਰਵਾਰ ਵਿਰਾਰ ਅਤੇ ਨਾਲਾਸੋਪਾਰਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਸਈ ਦੇ ਨਾਰੰਗੀ ਰੋਡ ’ਤੇ ਚਾਰ ਮੰਜ਼ਿਲਾ ਰਮਾਬਾਈ ਅਪਾਰਟਮੈਂਟ ਦਾ ਪਿਛਲਾ ਹਿੱਸਾ ਸਵੇਰੇ 12.05 ਵਜੇ ਦੇ ਕਰੀਬ ਇੱਕ ਚੌਲ ਨਾਲ ਟਕਰਾ ਗਿਆ।
ਵਸਈ-ਵਿਰਾਰ ਸਿਟੀ ਮਿਊਂਸਿਪਲ ਕਾਰਪੋਰੇਸ਼ਨ (VVMC) ਦੇ ਅਧਿਕਾਰੀ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਕਰਮਚਾਰੀਆਂ ਨੇ ਹੁਣ ਤੱਕ 11 ਵਿਅਕਤੀਆਂ ਨੂੰ ਮਲਬੇ ’ਚੋਂ ਬਾਹਰ ਕੱਢਿਆ ਹੈ, ਜਿਨ੍ਹਾਂ ਵਿੱਚੋਂ ਕੁਝ ਗੰਭੀਰ ਜ਼ਖ਼ਮੀ ਹਨ ਤੇ ਇਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਇਰ ਵਿਭਾਗ ਅਤੇ ਕੌਮੀ ਆਫ਼ਤ ਰਿਸਪੌਂਸ ਬਲ (NDRF) ਦੀਆਂ ਦੋ ਟੀਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ।
ਪਾਲਘਰ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਵਿਵੇਕਾਨੰਦ ਕਦਮ ਨੇ ਮੁੱਢਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਮਾਬਾਈ ਅਪਾਰਟਮੈਂਟ ਦਾ ਪਿਛਲਾ ਹਿੱਸਾ ਨਾਲ ਲੱਗਦੇ ਚੌਲ 'ਤੇ ਡਿੱਗ ਗਿਆ। ਉਨ੍ਹਾਂ ਕਿਹਾ ਕਿ ਕਈ ਨਿਵਾਸੀ ਮਲਬੇ ਹੇਠ ਫਸ ਗਏ। ਕਦਮ ਨੇ ਕਿਹਾ, ‘‘ਬਦਕਿਸਮਤੀ ਨਾਲ ਆਰੋਹੀ ਓਮਕਾਰ ਜੋਵਿਲ (24) ਅਤੇ ਉਤਕਰਸ਼ਾ ਜੋਵਿਲ (1) ਦੀ ਮੌਤ ਹੋ ਗਈ। ਦੋਵੇਂ ਮਲਬੇ ਹੇਠ ਬੇਹੋਸ਼ ਪਾਏ ਗਏ ਅਤੇ ਹਸਪਤਾਲ ਪਹੁੰਚਣ 'ਤੇ ਮ੍ਰਿਤਕ ਐਲਾਨ ਦਿੱਤੇ ਗਏ।’’ ਜ਼ਖ਼ਮੀਆਂ ਨੂੰ ਵਿਰਾਰ ਅਤੇ ਨਾਲਾਸੋਪਾਰਾ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਕਦਮ ਨੇ ਕਿਹਾ, ‘‘ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਲਬੇ ਹੇਠ ਨਾ ਫਸਿਆ ਰਹੇ। ਅਸੀਂ ਆਧੁਨਿਕ ਉਪਕਰਣਾਂ ਅਤੇ ਸਿਖਲਾਈ ਪ੍ਰਾਪਤ ਬਚਾਅ ਕਰਮਚਾਰੀਆਂ ਦੀ ਵਰਤੋਂ ਕਰਕੇ ਖੋਜ ਕਾਰਜ ਜਾਰੀ ਰੱਖ ਰਹੇ ਹਾਂ।’’
Advertisement
×