ਸੰਸਦੀ ਕਮੇਟੀ ਵੱਲੋਂ ਸੈਰ-ਸਪਾਟੇ ਲਈ ਮਸ਼ਹੂਰ ਗੁਲਮਰਗ ਦਾ ਦੌਰਾ
ਸ੍ਰੀਨਗਰ, 29 ਜੂਨ
ਪਰਸੋਨਲ, ਜਨ ਸ਼ਿਕਾਇਤਾਂ, ਕਾਨੂੰਨ ਤੇ ਨਿਆਂ ਸਬੰਧੀ ਸੰਸਦ ਦੀ ਸਥਾਈ ਕਮੇਟੀ ਨੇ ਅੱਜ ਸੈਰ-ਸਪਾਟੇ ਲਈ ਪ੍ਰਸਿੱਧ ਸਥਾਨ ਗੁਲਮਰਗ ਦਾ ਦੌਰਾ ਕੀਤਾ ਅਤੇ ਸੁਵਿਧਾਵਾਂ, ਜਨ ਸ਼ਿਕਾਇਤਾਂ ਅਤੇ ਨਿਵਾਰਨ ਪ੍ਰਣਾਲੀ ਦੀ ਸਮੀਖਿਆ ਕੀਤੀ। ਸੰਸਦ ਮੈਂਬਰ ਬ੍ਰਿਜ ਲਾਲ ਦੀ ਅਗਵਾਈ ਹੇਠ 29 ਮੈਂਬਰੀ ਕਮੇਟੀ ਮੌਜੂਦਾ ਸਮੇਂ ਵਿੱਚ ਜੰਮੂ ਕਸ਼ਮੀਰ ਦੇ ਤਿੰਨ ਰੋਜ਼ਾ ਦੌਰੇ ’ਤੇ ਹੈ।
ਇਸ ਕਮੇਟੀ ਵਿੱਚ 20 ਲੋਕ ਸਭਾ ਮੈਂਬਰ ਅਤੇ ਨੌਂ ਰਾਜ ਸਭਾ ਮੈਂਬਰ ਹਨ, ਜਿਨ੍ਹਾਂ ਵਿੱਚ ਰੰਜਨ ਗੋਗੋਈ, ਏ ਰਾਜਾ, ਕਲਿਆਣ ਬੈਨਰਜੀ, ਵਿਵੇਕ ਤਨਖਾ ਅਤੇ ਸਵਾਤੀ ਮਾਲੀਵਾਲ ਸ਼ਾਮਲ ਹਨ। ਕਮੇਟੀ ਸ੍ਰੀਨਗਰ ਵਿੱਚ ਮੁੱਖ ਸਕੱਤਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰੇਗੀ। ਮੀਟਿੰਗ ਤੋਂ ਬਾਅਦ ਕਮੇਟੀ ਸੰਸਦ ਨੂੰ ਇਕ ਰਿਪੋਰਟ ਸੌਂਪੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀ ਨੂੰ 9 ਮਈ ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਾ ਸੀ ਪਰ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਵੱਲੋਂ ਸ਼ੁਰੂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਦੇ ਮੱਦੇਨਜ਼ਰ ਇਹ ਦੌਰਾ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਮੇਟੀ ਦੇ ਜ਼ਿਆਦਾਤਰ ਮੈਂਬਰ ਵਾਦੀ ਵਿੱਚ ਸੁਰੱਖਿਆ ਹਾਲਾਤ ਨੂੰ ਲੈ ਕੇ ਸੰਤੁਸ਼ਟ ਸਨ। ਅਧਿਕਾਰੀਆਂ ਨੇ ਕਿਹਾ, ‘‘ਵਾਦੀ ਵਿੱਚ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਮੇਟੀ ਦੇ ਮੈਂਬਰ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਪੈਦਾ ਹੋਇਆ ਡਰ ਦਾ ਮਾਹੌਲ ਹੁਣ ਖ਼ਤਮ ਹੋ ਗਿਆ ਹੈ।’’ -ਪੀਟੀਆਈ
ਅਮਰਨਾਥ ਯਾਤਰਾ: ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾਈ
ਬੋਬੀਆ, 29 ਜੂਨ
ਅਤਿ ਦੀ ਗਰਮੀ, ਹੁੰਮਸ ਤੇ ਦੁਸ਼ਮਣ ਦੀਆਂ ਚਾਲਾਂ ਦੇ ਖ਼ਤਰੇ ਤੋਂ ਬੇਪ੍ਰਵਾਹ, ਵਰਦੀ ਪਹਿਨ ਕੇ ਅਤੇ ਏਕੇ ਰਾਈਫਲ ਨਾਲ ਲੈਸ ਮਹਿਲਾ ਸੁਰੱਖਿਆ ਮੁਲਾਜ਼ਮਾਂ ਜੰਮੂ ਸਰਹੱਦੀ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਸਖ਼ਤ ਨਿਗਰਾਨੀ ਕਰ ਰਹੀਆਂ ਹਨ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਤੋਂ ਪਹਿਲਾਂ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।
3 ਜੁਲਾਈ ਤੋਂ 38 ਦਿਨਾਂ ਤੱਕ ਚੱਲਣ ਵਾਲੀ ਇਹ ਯਾਤਰਾ ਦੋ ਮਾਰਗਾਂ ਤੋਂ ਹੋ ਕੇ ਲੰਘਦੀ ਹੈ, ਜਿਨ੍ਹਾਂ ਵਿੱਚੋਂ ਇਕ ਅਨੰਤਨਾਗ ਜ਼ਿਲ੍ਹੇ ਵਿੱਚ ਪੈਂਦਾ 48 ਕਿਲੋਮੀਟਰ ਲੰਬਾ ਪਹਿਲਗਾਮ ਮਾਰਗ ਹੈ ਤੇ ਦੂਜੇ ਪਾਸੇ ਗੰਦਰਬਲ ਜ਼ਿਲ੍ਹੇ ਵਿੱਚ ਪੈਂਦਾ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਹੈ ਜੋ ਕਿ ਛੋਟਾ ਹੈ ਪਰ ਖੜ੍ਹੀ ਚੜ੍ਹਾਈ ਵਾਲਾ ਰਸਤਾ ਹੈ। ਇਹ ਦੋਵੇਂ ਰਸਤੇ 3880 ਮੀਟਰ ਉੱਚੇ ਅਮਰਨਾਥ ਗੁਫਾ ਮੰਦਰ ਤੱਕ ਜਾਂਦੇ ਹਨ। ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਤੀਰਥ ਯਾਤਰੀਆਂ ਦਾ ਪਹਿਲਾ ਜਥਾ ਜੰਮੂ ਸਥਿਤ ਭਗਵਤੀ ਨਗਰ ਬੇਸ ਕੈਂਪ ਤੋਂ ਕਸ਼ਮੀਰ ਲਈ ਰਵਾਨਾ ਹੋਵੇਗਾ।
ਬੁਲੇਟਪਰੂਫ ਜੈਕਟ ਤੇ ਹੈਲਮਟ ਪਹਿਨ ਕੇ ਦੁਨੀਆ ਦੇ ਸਭ ਤੋਂ ਵੱਡੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਮਹਿਲਾ ਟੁਕੜੀ ਸਰਹੱਦ ’ਤੇ ਗਸ਼ਤ ਕਰਦੀ ਹੈ। ਨਿਗਰਾਨੀ ਉਪਕਰਨਾਂ ਦੇ ਨਾਲ ਕੰਟਰੋਲ ਰੇਖਾ ਦੀ ਨਿਗਰਾਨੀ ਕਰਦੀਆਂ ਹਨ ਅਤੇ ਜੰਮੂ, ਸਾਂਬਾ ਤੇ ਕਠੂਆ ਜ਼ਿਲ੍ਹਿਆਂ ਵਿੱਚ ਇਕ ਉੱਨਤ ਬਹੁਪੱਧਰੀ ਸੁਰੱਖਿਆ ਗਰਿੱਡ ਦੇ ਹਿੱਸੇ ਵਜੋਂ ਆਪਣੇ ਪੁਰਸ਼ ਹਮਰੁਤਬਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿਨ-ਰਾਤ ਕੌਮਾਂਤਰੀ ਸਰਹੱਦ ਦੀ ਰੱਖਿਆ ਕਰਦੀਆਂ ਹਨ। -ਪੀਟੀਆਈ