Parliament Winter Session: ਸਿਵਲ ਪ੍ਰਮਾਣੂ ਖੇਤਰ ਸਣੇ 10 ਤਜਵੀਜ਼ਤ ਬਿੱਲ ਸਦਨ ’ਚ ਕੀਤੇ ਜਾਣਗੇ ਪੇਸ਼
1 ਤੋੋਂ 19 ਦਸੰਬਰ ਤੱਕ ਚੱਲਣ ਵਾਲੇ ਇਜਲਾਸ ਦੀਆਂ ਹੋਣਗੀਆਂ 15 ਬੈਠਕਾਂ
ਸੰਸਦ ਦੇ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਦੌਰਾਨ ਸਿਵਲ ਪਰਮਾਣੂ ਖੇਤਰ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਦੀ ਮੰਗ ਕਰਦੇ ਬਿੱਲ ਸਣੇ ਕੁੱਲ 10 ਨਵੇਂ ਤਜਵੀਜ਼ਤ ਕਾਨੂੰਨ ਸੂਚੀਬੱਧ ਕੀਤੇ ਜਾਣਗੇ। ਭਾਰਤ ਵਿੱਚ ਪਰਮਾਣੂ ਊਰਜਾ ਦੀ ਵਰਤੋਂ ਅਤੇ ਨਿਯਮਾਂ ਨੂੰ ਕੰਟਰੋਲ ਕਰਨ ਵਾਲੇ ਇਸ ਅਹਿਮ ‘ਪ੍ਰਮਾਣੂ ਊਰਜਾ ਬਿੱਲ, 2025’ ਤੋਂ ਇਲਾਵਾ ਭਾਰਤੀ ਉੱਚ ਸਿੱਖਿਆ ਕਮਿਸ਼ਨ ਬਿੱਲ ਵੀ ਸਰਕਾਰ ਦੇ ਏਜੰਡੇ ’ਤੇ ਹੈ।
ਲੋਕ ਸਭਾ ਦੇ ਬੁਲਿਟਨ ਮੁਤਾਬਕ ਇਸ ਤਜਵੀਜ਼ਤ ਕਾਨੂੰਨ ਦਾ ਮੁੱਖ ਮੰਤਵ ਭਾਰਤ ਵਿਚ ਉੱਚ ਸਿੱਖਿਆ ਕਮਿਸ਼ਨ ਦੀ ਸਥਾਪਨਾ ਕਰਨਾ ਹੈ ਤਾਂ ਜੋ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਨੂੰ ਸੁਤੰਤਰ ਅਤੇ ਸਵੈ-ਸ਼ਾਸਨ ਵਾਲੇ ਸੰਸਥਾਨ ਬਣਨ ਵਿੱਚ ਮਦਦ ਕੀਤੀ ਜਾ ਸਕੇ। ਇਹ ਬਿੱਲ ਲੰਮੇ ਸਮੇਂ ਤੋਂ ਸਰਕਾਰ ਦੇ ਏਜੰਡੇ ’ਤੇ ਰਿਹਾ ਹੈ। ਜਿਨ੍ਹਾਂ ਹੋਰ ਬਿੱਲਾਂ ਨੂੰ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ ਉਨ੍ਹਾਂ ਵਿਚ ਕੌਮੀ ਸ਼ਾਹਰਾਹ (ਸੋਧ) ਬਿੱਲ, ਕਾਰਪੋਰੇਟ ਕਾਨੂੰਨ (ਸੋਧ) ਬਿੱਲ, 2025 ਤੇ ਸਕਿਓਰਿਟੀਜ਼ ਬਾਜ਼ਾਰ ਕੋਡ ਬਿੱਲ (ਐਸਐਮਸੀ) ਵੀ ਸ਼ਾਮਲ ਹਨ। ਸਰਕਾਰ ਆਰਬਿਟਰੇਸ਼ਨ ਅਤੇ ਸੁਲ੍ਹਾ ਐਕਟ ਵਿੱਚ ਵੀ ਬਦਲਾਅ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਸੈਸ਼ਨ ਦੇ ਦੋ ਬਕਾਇਆ ਬਿਲਾਂ ਨੂੰ ਵੀ ਵਿਚਾਰ ਚਰਚਾ ਲਈ ਪੇਸ਼ ਕੀਤਾ ਜਾਵੇਗਾ। ਸਰਦ ਰੁੱਤ ਸੈਸ਼ਨ, ਜੋ 19 ਦਸੰਬਰ ਤੱਕ ਚੱਲੇਗਾ, ਦੌਰਾਨ ਕੁੱਲ 15 ਬੈਠਕਾਂ ਹੋਣਗੀਆਂ।

