ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਮੁੱਦੇ ’ਤੇ ਸੰਸਦ ਠੱਪ
ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਖ਼ਿਲਾਫ਼ ਸੰਸਦ ਦੇ ਦੋਵੇਂ ਸਦਨਾਂ ’ਚ ਅੱਜ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਚੱਲ ਨਹੀਂ ਸਕੀ ਜਿਸ ਕਾਰਨ ਦੋਵੇਂ ਸਦਨ ਵੀਰਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੇ ਗਏ। ਮੌਨਸੂਨ ਇਜਲਾਸ ਦੇ ਲਗਾਤਾਰ ਤੀਜੇ ਦਿਨ ਸੰਸਦ ਦੀ ਕਾਰਵਾਈ ’ਚ ਅੜਿੱਕੇ ਪਏ। ਲੋਕ ਸਭਾ ’ਚ ਵਿਰੋਧੀ ਧਿਰਾਂ ਦੇ ਮੈਂਬਰ ਪੋਸਟਰ ਲਹਿਰਾਉਂਦੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੇ ਵਿਚਕਾਰ ਆ ਗਏ, ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰਾਂ ਦੇ ਆਗੂ ‘ਐੱਸਆਈਆਰ (ਵੋਟਰ ਸੂਚੀਆਂ ਦੀ ਵਿਆਪਕ ਪੜਤਾਲ) ਵਾਪਸ ਲਵੋ’ ਵਰਗੇ ਨਾਅਰੇ ਲਗਾ ਰਹੇ ਸਨ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਸੰਸਦ ਮੈਂਬਰ ਇੰਝ ਵਿਹਾਰ ਕਰ ਰਹੇ ਹਨ ਜਿਵੇਂ ਕਿ ਉਹ ਸੜਕਾਂ ’ਤੇ ਹੋਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ। ਬਿਰਲਾ ਨੇ ਕਿਹਾ, ‘‘ਤੁਹਾਨੂੰ ਅਜਿਹਾ ਵਿਹਾਰ ਕਰਨਾ ਚਾਹੀਦਾ ਹੈ ਜਿਸ ਤੋਂ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਦੀ ਝਲਕ ਦਿਖਾਈ ਦਿੰਦੀ ਹੋਵੇ। ਤੁਹਾਨੂੰ ਇਸ ਢੰਗ ਨਾਲ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ ਜਿਸ ਨਾਲ ਲੋਕਾਂ ਦਾ ਜੀਵਨ ਹੋਰ ਸੁਖਾਲਾ ਹੋ ਸਕੇ। ਪਰ ਤੁਸੀਂ ਸੰਸਦ ’ਚ ਸੜਕਾਂ ਵਾਲਾ ਵਤੀਰਾ ਅਪਣਾ ਰਹੇ ਹੋ।’’ ਇਸ ’ਤੇ ਵੀ ਮੈਂਬਰ ਨਹੀਂ ਮੰਨੇ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।
ਉਧਰ ਰਾਜ ਸਭਾ ’ਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ‘ਐੱਸਆਈਆਰ’ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਪਹਿਲਾਂ ਉਪ ਚੇਅਰਮੈਨ ਹਰਿਵੰਸ਼ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਐੱਸਆਈਆਰ, ਦਿੱਲੀ ’ਚ ਝੁੱਗੀ-ਬਸਤੀਆਂ ਢਾਹੁਣ, ਬੰਗਾਲ ਤੇ ਹੋਰ ਸੂਬਿਆਂ ’ਚ ਪਰਵਾਸੀ ਵਰਕਰਾਂ ਖ਼ਿਲਾਫ਼ ਕਥਿਤ ਵਿਤਕਰੇ ਅਤੇ ਹਵਾਈ ਸੁਰੱਖਿਆ ’ਤੇ ਚਰਚਾ ਲਈ ਨਿਯਮ 267 ਤਹਿਤ 25 ਨੋਟਿਸ ਮਿਲੇ ਹਨ। ਚੇਅਰ ਨੇ ਸਾਰੇ ਨੋਟਿਸ ਰੱਦ ਕਰ ਦਿੱਤੇ ਜਿਸ ਮਗਰੋਂ ਵੱਖ ਵੱਖ ਧਿਰਾਂ ਦੇ ਮੈਂਬਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂ ਸਦਨ ਦੁਬਾਰਾ ਜੁੜਿਆ ਤਾਂ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ‘ਸਮੁੰਦਰ ਰਾਹੀਂ ਮਾਲ ਦੀ ਢੋਆ-ਢੁਆਈ ਬਿੱਲ 2025’ ਚਰਚਾ ਲਈ ਪੇਸ਼ ਕੀਤਾ। ਇਸ ਬਿੱਲ ਨੂੰ ਲੋਕ ਸਭਾ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਜਿਵੇਂ ਹੀ ਅੰਨਾ ਡੀਐੱਮਕੇ ਦੇ ਮੈਂਬਰ ਐੱਮ. ਥੰਬੀਦੁਰਾਈ ਬਿੱਲ ’ਤੇ ਬੋਲਣ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰਾਂ ਨੇ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਮੁੱਦੇ ’ਤੇ ਨਾਅਰੇਬਾਜ਼ੀ ਤੇਜ਼ ਕਰ ਦਿੱਤੀ। ਚੇਅਰ ’ਤੇ ਬਿਰਾਜਮਾਨ ਭੁਬਨੇਸ਼ਵਰ ਕਲੀਤਾ ਨੇ ਹੰਗਾਮਾ ਵਧਦਿਆਂ ਦੇਖ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ।