Parliament: ਸੰਸਦ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾਈ
ਨਵੀਂ ਦਿੱਲੀ, 20 ਦਸੰਬਰ
ਦੇਸ਼ ਦੇ ਸੰਵਿਧਾਨ ਦੇ ਸ਼ਾਨਾਂਮੱਤੇ ਸਫਰ ਵਿਸ਼ੇ ’ਤੇ ਚਰਚਾ, ‘ਇਕ ਦੇਸ਼, ਇੱਕ ਚੋਣ’ ਸਬੰਧੀ ਬਿੱਲ ਪੇਸ਼ ਕੀਤੇ ਜਾਣ ਅਤੇ ਅੰਬੇਡਕਰ ਬਾਰੇ ਸ਼ਾਹ ਦੀ ਟਿੱਪਣੀ ਸਮੇਤ ਕਈ ਹੋਰ ਮੁੱਦਿਆਂ ਨੂੰ ਲੈ ਕੇ ਹੋਏ ਹੰਗਾਮੇ ਮਗਰੋਂ ਅੱਜ ਸੰਸਦ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਇਸ ਵਾਰ ਸੰਸਦ ’ਚ ਬਹੁਤ ਥੋੜਾ ਕੰਮਕਾਰ ਹੋਇਆ।
ਸਰਦ ਰੁੱਤ ਇਜਲਾਸ ਦੇ ਆਖਰੀ ਦਿਨ ਜਿਵੇਂ ਹੀ ਸੰਸਦ ਦੇ ਹੇਠਲੇ ਸਦਨ ਦੀ ਮੀਟਿੰਗ ਸ਼ੁਰੂ ਹੋਈ ਤਾਂ ਅੱਜ ਵੀ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਤਲਖੀ ਬਰਕਰਾਰ ਰਹੀ ਜਿਸ ਕਾਰਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬਿਨਾਂ ਸਮਾਪਤੀ ਟਿੱਪਣੀਆਂ ਪੜ੍ਹੇ ਤਿੰਨ ਮਿੰਟ ਮਗਰੋਂ ਹੀ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ। ਰਾਜ ਸਭਾ ’ਚ ਸਥਿਤੀ ਥੋੜੀ ਬਿਹਤਰ ਰਹੀ ਕਿਉਂਕਿ ਵਿਰੋਧੀ ਧਿਰ ਦੇ ਮੈਂਬਰ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੰਬੇਡਕਰ ਬਾਰੇ ਕਥਿਤ ਟਿੱਪਣੀ ਦਾ ਵਿਰੋਧ ਕਰ ਰਹੇ ਸਨ, ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਪਹਿਲਾਂ ਚੇਅਰਮੈਨ ਜਗਦੀਪ ਧਨਖੜ ਨੂੰ ਆਪਣੀਆਂ ਸਮਾਪਤੀ ਟਿੱਪਣੀਆਂ ਪੜ੍ਹਣ ਦੇਣ ਲਈ ਸਹਿਮਤ ਹੋਏ।
ਲੋਕ ਸਭਾ ’ਚ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਤਜਵੀਜ਼ ਵਾਲਾ ਸੰਵਿਧਾਨਕ ਸੋਧ ਬਿੱਲ, 2024 ਅਤੇ ਉਸ ਨਾਲ ਜੁੜਿਆ ‘ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024’ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜਣ ਦਾ ਮਤਾ ਪੇਸ਼ ਕੀਤਾ ਜਿਸ ਨੂੰ ਸਦਨ ਨੇ ਮਨਜ਼ੂਰੀ ਦੇ ਦਿੱਤੀ। ਲੋਕ ਸਭਾ ’ਚ 58 ਫੀਸਦ ਜਦਕਿ ਰਾਜ ਸਭਾ ’ਚ 40.03 ਫੀਸਦ ਕੰਮਕਾਰ ਹੋ ਸਕਿਆ। ਰਾਜ ਸਭਾ ’ਚ ਸਾਂਝੀ ਸੰਸਦੀ ਕਮੇਟੀ ’ਚ ਉਪਰਲੇ ਸਦਨ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। -ਪੀਟੀਆਈ
ਅੰਬੇਡਕਰ ਮਾਮਲਾ: ਵਿਰੋਧੀ ਧਿਰ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰਾ
ਨਵੀਂ ਦਿੱਲੀ:
ਡਾ. ਬੀਆਰ ਅੰਬੇਡਕਰ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਤੋਂ ਮੁਆਫੀ ਤੇ ਅਸਤੀਫੇ ਦੀ ਮੰਗ ’ਤੇ ਅੱਜ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਥੋਂ ਦੇ ਵਿਜੈ ਚੌਕ ’ਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਵਿਜੈ ਚੌਕ ਤੋਂ ਸੰਸਦ ਤੱਕ ਰੋਸ ਮਾਰਚ ਵੀ ਕੀਤਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਇੰਡੀਆ ਗੱਠਜੋੜ ਦੇ ਕਈ ਹੋਰ ਸੰਸਦ ਮੈਂਬਰਾਂ ਨਾਲ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਈ। ਉਨ੍ਹਾਂ ਆਪਣੇ ਹੱਥ ’ਚ ਡਾ. ਅੰਬੇਡਕਰ ਦੇ ਹੱਕ ’ਚ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ। ਸੰਸਦ ਮੈਂਬਰਾਂ ਨੇ ਅੰਬੇਡਕਰ ਦੇ ਹੱਕ ’ਚ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਰੋਸ ਮੁਜ਼ਾਹਰਾ ਅੰਬੇਡਕਰ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ’ਚ ਵਿਰੋਧੀ ਤੇ ਹਾਕਮ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਵੱਖ ਵੱਖ ਮਾਰਚ ਕੱਢਣ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਕਾਰਨ ਸੰਸਦੀ ਕੰਪਲੈਕਸ ’ਚ ਧੱਕਾਮੁੱਕੀ ਹੋਈ। ਇਸ ਧੱਕਾਮੁੱਕੀ ’ਚ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਤੇ ਮੁਕੇਸ਼ ਰਾਜਪੂਤ ਜ਼ਖ਼ਮੀ ਹੋ ਗਏ ਸਨ। -ਪੀਟੀਆਈ