Parliament Monsoon Session ਸੰਸਦ ਵਿਚ ਪਹਿਲਗਾਮ ਹਮਲੇ ਤੇ ਟਰੰਪ ਦੇ ਦਾਅਵੇ ਦਾ ਮੁੱਦਾ ਉੱਠੇ ਤਾਂ ਪ੍ਰਧਾਨ ਮੰਤਰੀ ਮੌਜੂਦ ਰਹਿਣ: ਕਾਂਗਰਸ
ਸੰਸਦ ਦਾ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਕੁੱਲ 21 ਬੈਠਕਾਂ ਹੋਣਗੀਆਂ। ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ’ਤੇ ਇਕ ਪੋਸਟ ਵਿਚ ਕਿਹਾ, ‘‘ਥੋੜ੍ਹੀ ਦੇਰ ਵਿੱਚ, ਪ੍ਰਧਾਨ ਮੰਤਰੀ ਤਿਆਰ ਹੋ ਕੇ ਸੰਸਦ ਭਵਨ ਦੇ ਬਾਹਰ ਆਪਣੇ ਰਵਾਇਤੀ ਅੰਦਾਜ਼ ਵਿੱਚ ਮੀਡੀਆ ਦੇ ਸਾਹਮਣੇ ਦੇਸ਼ ਦੇ ਨਾਮ ਆਪਣੇ ਸੰਦੇਸ਼ ਦੇਣਗੇ। ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਉਹੀ ਪੁਰਾਣੀਆਂ, ਖੋਖਲੀਆਂ ਗੱਲਾਂ ਦੁਹਰਾਈਆਂ ਜਾਣਗੀਆਂ।’’
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਸੰਸਦ ਵਿੱਚ ਬਹੁਤ ਘੱਟ ਦਿਖਾਈ ਦਿੰਦੇ ਹਨ। ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਸਾਲ ਵਿੱਚ ਸਿਰਫ਼ ਇੱਕ ਵਾਰ ਬੋਲਦੇ ਹਨ ਪਰ ਇਸ ਵਾਰ ਜਦੋਂ ਪਹਿਲਗਾਮ ਹਮਲੇ, ਆਪ੍ਰੇਸ਼ਨ ਸਿੰਧੂਰ ਅਤੇ ਰਾਸ਼ਟਰਪਤੀ ਟਰੰਪ ਨਾਲ ਸਬੰਧਤ ਮੁੱਦੇ ਸੰਸਦ ਵਿੱਚ ਚਰਚਾ ਲਈ ਆਉਣ, ਤਾਂ ਉਨ੍ਹਾਂ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।’’
ਰਮੇਸ਼ ਨੇ ਪ੍ਰਧਾਨ ਮੰਤਰੀ ਦੇ ਅਗਾਮੀ ਯੂਕੇ ਅਤੇ ਮਾਲਦੀਵ ਦੇ ਪ੍ਰਸਤਾਵਿਤ ਦੌਰਿਆਂ ਦਾ ਹਵਾਲਾ ਦਿੰਦੇ ਹੋਏ ਤਨਜ਼ ਕਸਦਿਆਂ ਕਿਹਾ, ‘‘48 ਘੰਟਿਆਂ ਬਾਅਦ, ਇਹ ‘ਸੁਪਰ ਪ੍ਰੀਮੀਅਮ ਫ੍ਰੀਕਵੈਂਟ ਫਲਾਇਰ’ ਪ੍ਰਧਾਨ ਮੰਤਰੀ ਇੱਕ ਹੋਰ ਵਿਦੇਸ਼ੀ ਦੌਰੇ ਲਈ ਰਵਾਨਾ ਹੋਣਗੇ। ਮਨੀਪੁਰ ਦੇ ਲੋਕਾਂ ਕੋਲ ਨਿਰਾਸ਼ ਹੋਣ ਦਾ ਇੱਕ ਹੋਰ ਕਾਰਨ ਹੋਵੇਗਾ।’’
ਕਾਂਗਰਸ ਅਤੇ ਵਿਰੋਧੀ ਧਿਰ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਗੱਠਜੋੜ ਵਿਚ ਸ਼ਾਮਲ 23 ਹੋਰਨਾਂ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਸੈਸ਼ਨ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ, ਆਪ੍ਰੇਸ਼ਨ ਸਿੰਧੂਰ ਦੇ ਅਚਾਨਕ ਬੰਦ ਹੋਣ, ਟਰੰਪ ਦੇ ਵਿਚੋਲਗੀ ਦੇ ਦਾਅਵਿਆਂ, ਬਿਹਾਰ ਵਿੱਚ ਚੱਲ ਰਹੀ ਵਿਸ਼ੇਸ਼ ਵਿਆਪਕ ਸਮੀਖਿਆ (SIR) ਅਤੇ ਕਈ ਹੋਰ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ।