ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦੇ ਮੁੱਦੇ ’ਤੇ ਅੱਜ ਵੀ ਹੰਗਾਮਾ ਕੀਤਾ ਗਿਆ, ਜਿਸ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ 11 ਵਜੇ ਸ਼ੁਰੂ ਹੋਣ ’ਤੇ ਸਪੀਕਰ ਓਮ ਬਿਰਲਾ ਨੇ ਸਾਬਕਾ ਕੇਂਦਰੀ ਮੰਤਰੀ ਸੱਤਿਆਪਾਲ ਮਲਿਕ ਦੇ ਦੇਹਾਂਤ ਦੀ ਸੂਚਨਾ ਸਦਨ ਨੂੰ ਦਿੱਤੀ। ਸਦਨ ਨੇ ਕੁਝ ਦੇਰ ਮੌਨ ਰੱਖ ਕੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਮਲਿਕ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਬਿਰਲਾ ਨੇ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ 83ਵੀਂ ਜੈਅੰਤੀ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ ਤਾਂ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਆਸਨ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਉਹ ਸਦਨ ’ਚ ਐੱਸਆਈਆਰ ਤੇ ਚੋਣ ਸੁਧਾਰ ਦੇ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਕਰ ਰਹੇ ਸਨ। ਹੰਗਾਮੇ ਵਿਚਾਲੇ ਹੀ ਕੇਂਦਰੀ ਮੰਤਰੀ ਜੇਪੀ ਨੱਢਾ ਤੇ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਸਮੇਤ ਕੁਝ ਮੰਤਰੀਆਂ ਨੇ ਪੂਰਕ ਪ੍ਰਸ਼ਨਾਂ ਦੇ ਜਵਾਬ ਦਿੱਤੇ। ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਵਿਰੋਧੀ ਧਿਰ ਵੱਲੋਂ ਹੰਗਾਮਾ ਬੰਦ ਨਾ ਕੀਤੇ ਜਾਣ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਦੂਜੇ ਪਾਸੇ ਰਾਜ ਸਭਾ ’ਚ ਵੀ ਐੱਸਆਈਆਰ ਸਮੇਤ ਵੱਖ ਵੱਖ ਮੁੱਦਿਆਂ ’ਤੇ ਚਰਚਾ ਦੀ ਮੰਗ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਉਪਰਲੇ ਸਦਨ ਦੀ ਕਾਰਵਾਈ ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਦੁਪਹਿਰ 12.03 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਕਾਰਨ ਸਦਨ ’ਚ ਅੱਜ ਵੀ ਸਿਫਰ ਕਾਲ ਤੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਦੱਸਿਆ ਕਿ ਸਦਨ ’ਚ ਲਗਾਤਾਰ ਜਮੂਦ ਬਣੇ ਰਹਿਣ ਕਾਰਨ ਮੌਜੂਦਾ ਸੈਸ਼ਨ ਦੇ ਅੱਜ ਤੱਕ 56 ਘੰਟੇ 49 ਮਿੰਟ ਦਾ ਸਮਾਂ ਬਰਬਾਦ ਹੋ ਚੁੱਕਾ ਹੈ।
‘ਇੰਡੀਆ’ ਗੱਠਜੋੜ ਵੱਲੋਂ ਸੰਸਦੀ ਕੰਪਲੈਕਸ ਵਿੱਚ ਮੁਜ਼ਾਹਰਾ
ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਦੇ ਸੰਸਦ ਮੈਂਬਰਾਂ ਨੇ ਅੱਜ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦਾ ਵਿਰੋਧ ਕਰਦਿਆਂ ਅੱਜ ਸੰਸਦ ਭਵਨ ਕੰਪਲੈਕਸ ’ਚ ਮੁਜ਼ਾਹਰਾ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਚੋਣਾਂ ’ਚ ਧਾਂਦਲੀ ਦਾ ਦੋਸ਼ ਲਾਇਆ ਅਤੇ ਇਸ ਨੂੰ ‘ਵੋਟ ਦੀ ਚੋਰੀ’ ਕਰਾਰ ਦਿੱਤਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਟੀਐੱਮਸੀ ਦੇ ਅਭਿਸ਼ੇਕ ਬੈਨਰਜੀ, ਡੀਐੱਮਕੇ ਤੇ ਖੱਬੀਆਂ ਧਿਰਾਂ ਦੇ ਹੋਰ ਸੰਸਦ ਮੈਂਬਰ ਸੰਸਦ ਭਵਨ ਦੇ ਮਕਰ ਦੁਆਰ ਨੇੜੇ ਇਕੱਠੇ ਹੋਏ। ਉਨ੍ਹਾਂ ਐੱਸਆਈਆਰ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਤੇ ਨਾਅਰੇਬਾਜ਼ੀ ਕਰ ਰਹੇ ਸਨ। ਇਹ ਐੱਸਆਈਆਰ ਖ਼ਿਲਾਫ਼ ਮੁਜ਼ਾਹਰੇ ਦਾ 13ਵਾਂ ਦਿਨ ਸੀ। ਮੁਜ਼ਾਹਰਾ ਕਰ ਰਹੇ ਸੰਸਦ ਮੈਂਬਰਾਂ ਦੇ ਸਾਹਮਣੇ ਬੈਨਰ ਸੀ ਜਿਸ ’ਤੇ ਲਿਖਿਆ ਸੀ, ‘ਸਾਡੀ ਵੋਟ, ਸਾਡਾ ਹੱਕ, ਸਾਡੀ ਲੜਾਈ।’ ਇੱਕ ਹੋਰ ਬੈਨਰ ’ਤੇ ‘ਐੱਸਆਈਆਰ-ਖਾਮੋਸ਼ ਅਦਿੱਖ ਧਾਂਦਲੀ’ ਲਿਖਿਆ ਹੋਇਆ ਸੀ। ਸੰਸਦ ਮੈਂਬਰਾਂ ਨੇ ਹੱਥਾਂ ’ਚ ‘ਐੱਸਆਈਅਰ ਬੰਦ ਕਰੋ’ ਅਤੇ ‘ਵੋਟ ਚੋਰੀ ਬੰਦ ਕਰੋ’ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਬਿਹਾਰ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਐੱਸਆਈਆਰ ਮੁਹਿੰਮ ਰਾਹੀਂ ਵੋਟਰਾਂ ਨੂੰ ਸੂਚੀ ’ਚੋਂ ਬਾਹਰ ਕੀਤਾ ਜਾ ਰਿਹਾ ਹੈ।