ਵਿਰੋਧੀ ਧਿਰ ਦੇ ਹੰਗਾਮੇ ਕਾਰਨ ਚੌਥੇ ਦਿਨ ਵੀ ਸੰਸਦ ਠੱਪ
ਸੰਸਦ ’ਚ ਅੱਜ ਲਗਾਤਾਰ ਚੌਥੇ ਦਿਨ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਦੇ ਮੁੱਦੇ ’ਤੇ ਵਿਰੋਧ ਬਰਕਰਾਰ ਰਿਹਾ। ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਇੱਕ-ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਦੋਵਾਂ ਸਦਨਾਂ ’ਚ ਐੱਸਆਈਆਰ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਕਈ ਮੈਂਬਰ ਆਸਨ ਦੇ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਦੇ ਰਹੇ।
ਲੋਕ ਸਭਾ ’ਚ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਪਾਰਟੀਆਂ ਨੇ ਆਸਨ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ ਤੇ ਤਖ਼ਤੀਆਂ ਤਹਿਰਾਈਆਂ ਜਿਨ੍ਹਾਂ ’ਤੇ ਐੱਸਆਈਆਰ ਵਿਰੋਧੀ ਨਾਅਰੇ ਲਿਖੇ ਹੋਏ ਸਨ। ਹਾਲਾਂਕਿ ਸਦਨ ’ਚ ਸ਼ੋਰ ਸ਼ਰਾਬੇ ਵਿਚਾਲੇ ਹੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਪ੍ਰਸ਼ਨ ਕਾਲ ਦੌਰਾਨ ਕੁਝ ਪੂਰਕ ਪ੍ਰਸ਼ਨਾਂ ਦੇ ਜਵਾਬ ਦਿੱਤੇ। ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਲਈ ਕਿਹਾ ਪਰ ਜਦੋਂ ਉਨ੍ਹਾਂ ਹੰਗਾਮਾ ਜਾਰੀ ਰੱਖਿਆ ਤਾਂ ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੋ ਵਜੇ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਦੂਜੇ ਪਾਸੇ ’ਚ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਉਨ੍ਹਾਂ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੇ ਵੱਖ ਵੱਖ ਵਿਸ਼ਿਆਂ ’ਤੇ 30 ਕੰਮ ਰੋਕੂ ਮਤੇ ਮਿਲੇ ਹਨ ਜਿਨ੍ਹਾਂ ਨੂੰ ਅਤੀਤ ’ਚ ਚੇਅਰਮੈਨ ਵੱਲੋਂ ਕੀਤੀ ਗਈ ਵਿਵਸਥਾ ਅਨੁਸਾਰ ਉਹ ਖਾਰਜ ਕਰ ਰਹੇ ਹਨ। ਇਸ ਮਗਰੋਂ ਜਦੋਂ ਡਿਪਟੀ ਚੇਅਰਮੈਨ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਦਨ ਦੀ ਕਾਰਵਾਈ ਪਹਿਲਾਂ 12.30 ਤੋਂ ਦੋ ਵਜੇ ਤੱਕ ਅਤੇ ਫਿਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਰਾਜ ਸਭਾ ਦੇ ਛੇ ਮੈਂਬਰ ਸੇਵਾਮੁਕਤ, ਉਜਵਲ ਨਿਕਮ ਬਣੇ ਮੈਂਬਰ
ਰਾਜ ਸਭਾ ’ਚੋਂ ਸੇਵਾਮੁਕਤ ਹੋਣ ਜਾ ਰਹੇ ਛੇ ਮੈਂਬਰਾਂ ਨੂੰ ਅੱਜ ਵਿਦਾਈ ਦਿੱਤੀ ਗਈ ਅਤੇ ਇਸ ਦੌਰਾਨ ਉੱਪਰਲੇ ਸਦਨ ’ਚ ਕੋਈ ਸ਼ੋਰ-ਸ਼ਰਾਬਾ ਦੇਖਣ ਨੂੰ ਨਹੀਂ ਮਿਲਿਆ। ਸੇਵkਮੁਕਤ ਹੋਣ ਵਾਲੇ ਮੈਂਬਰਾਂ ’ਚ ਅੰਬੂਮਨੀ ਰਾਮਦਾਸ (ਪੀਐੱਮਕੇ), ਐੱਮ ਵਾਈਕੋ (ਐੱਮਡੀਐੱਮਕੇ), ਪੀ ਵਿਲਸਨ (ਡੀਐੱਮਕੇ), ਐੱਮ. ਸ਼ਨਮੁਗਮ (ਡੀਐੱਮਕੇ), ਐੱਮ. ਮੁਹੰਮਦ ਅਬਦੁੱਲਾ (ਡੀਐੱਮਕੇ) ਅਤੇ ਐੱਨ ਚੰਦਰਸ਼ੇਖ਼ਰਨ (ਏਆਈਏਡੀਐੱਮਕੇ) ਸ਼ਾਮਲ ਹਨ। ਪੀ ਵਿਲਸਨ ਉਪਰਲੇ ਸਦਨ ਲਈ ਮੁੜ ਚੁਣੇ ਗਏ ਹਨ। ਡਿਪਟੀ ਚੇਅਰਮੈਨ ਹਰਿਵੰਸ਼, ਸਦਨ ਦੇ ਨੇਤਾ ਜੇਪੀ ਨੱਢਾ, ਕਾਂਗਰਸ ਦੇ ਉਪ ਆਗੂ ਪ੍ਰਮੋਦ ਤਿਵਾੜੀ ਤੇ ਹੋਰ ਆਗੂਆਂ ਨੇ ਸੇਵਾਮੁਕਤ ਹੋ ਰਹੇ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਬਿਹਾਰ ’ਚ ਵੋਟਰ ਸੂਚੀਆਂ ਦੀ ਸੁਧਾਈ ਦੇ ਮੁੱਦੇ ’ਤੇ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ
ਚੋਣ ਕਮਿਸ਼ਨ ਵੱਲੋਂ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਖ਼ਿਲਾਫ਼ ‘ਇੰਡੀਆ’ ਗੱਠਜੋੜ ਦੇ ਕਈ ਸੰਸਦ ਮੈਂਬਰਾਂ ਨੇ ਅੱਜ ਲਗਾਤਾਰ ਤੀਜੇ ਦਿਨ ਸੰਸਦੀ ਕੰਪਲੈਕਸ ’ਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਮੌਕੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਸਮੇਤ ਕਈ ਆਗੂ ਹਾਜ਼ਰ ਸਨ। ਉਨ੍ਹਾਂ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਫ਼ੈਸਲੇ ਨੂੰ ਵਾਪਸ ਲਿਆ ਜਾਵੇ ਅਤੇ ਸੰਸਦ ਦੇ ਦੋਵੇਂ ਸਦਨਾਂ ’ਚ ਇਸ ਮੁੱਦੇ ’ਤੇ ਚਰਚਾ ਹੋਵੇ। ਸੰਸਦ ’ਚ ਅੱਜ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ, ਡੀਐੱਮਕੇ, ਟੀਐੱਮਸੀ, ਸਮਾਜਵਾਦੀ ਪਾਰਟੀ, ਜੇਐੱਮਐੱਮ, ਆਰਜੇਡੀ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੰਸਦ ਦੇ ਮਕਰ ਦਵਾਰ ਦੇ ਬਾਹਰ ਇਕੱਠੇ ਹੋ ਕੇ ਸਰਕਾਰ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਪੀਕਰ ਕਰ ਸਕਦੇ ਨੇ ਜਸਟਿਸ ਵਰਮਾ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਕਮੇਟੀ ਦਾ ਐਲਾਨ
ਲੋਕ ਸਭਾ ਦੇ ਚੇਅਰਮੈਨ ਓਮ ਬਿਰਲਾ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ ਦੋਸ਼ਾਂ ਦੇ ਆਧਾਰ ਦੀ ਪੜਤਾਲ ਲਈ ਜਾਂਚ ਕਮੇਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਨੇ ਅੱਜ ਦੱਸਿਆ ਕਿ 21 ਜੁਲਾਈ ਨੂੰ ਬਿਰਲਾ ਨੂੰ ਸੌਂਪਿਆ ਗਿਆ 152 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਨੋਟਿਸ ਹੁਣ ‘ਸਦਨ ਦਾ ਦਸਤਾਵੇਜ਼’ ਹੈ ਅਤੇ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਚੀਫ ਜਸਟਿਸ ਆਫ ਇੰਡੀਆ (ਸੀਜੇਆਈ) ਜਾਂ ਸੁਪਰੀਮ ਕੋਰਟ ਦਾ ਇੱਕ ਜੱਜ, ਹਾਈ ਕੋਰਟ ਦਾ ਇੱਕ ਜੱਜ ਅਤੇ ਇੱਕ ਉੱਘਾ ਨਿਆਂ ਮਾਹਿਰ ਸ਼ਾਮਲ ਹੋਵੇਗਾ, ਕਾਇਮ ਕਰਨ ਲਈ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ।