DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੇਪਰ ਲੀਕ: ਵਿਰੋਧੀ ਧਿਰ ਨੇ ਲੋਕ ਸਭਾ ’ਚ ਸਰਕਾਰ ਨੂੰ ਘੇਰਿਆ

ਦੇਸ਼ ਦੀ ਪ੍ਰੀਖਿਆ ਪ੍ਰਣਾਲੀ ’ਚ ਗੰਭੀਰ ਸਮੱਸਿਆ: ਰਾਹੁਲ ਗਾਂਧੀ
  • fb
  • twitter
  • whatsapp
  • whatsapp
featured-img featured-img
ਲੋਕ ਸਭਾ ’ਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਰਾਹੁਲ ਗਾਂਧੀ ਆਹਮੋ-ਸਾਹਮਣੇ। -ਫੋਟੋ: ਪੀਟੀਆਈ
Advertisement

* ਪਿਛਲੇ ਸੱਤ ਸਾਲਾਂ ’ਚ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ: ਸਿੱਖਿਆ ਮੰਤਰੀ

* ਜਵਾਬ ਤੋਂ ਸੰਤੁਸ਼ਟ ਨਾ ਹੋਣ ’ਤੇ ਵਿਰੋਧੀ ਧਿਰ ਨੇ ਸਦਨ ’ਚੋਂ ਕੀਤਾ ਵਾਕਆਊਟ

Advertisement

ਨਵੀਂ ਦਿੱਲੀ, 22 ਜੁਲਾਈ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਵਿਰੋਧੀ ਧਿਰ ਨੇ ਪੇਪਰ ਲੀਕ ਮੁੱਦੇ ’ਤੇ ਸਰਕਾਰ ਨੂੰ ਲੋਕ ਸਭਾ ’ਚ ਘੇਰਿਆ। ਰਾਹੁਲ ਨੇ ਕਿਹਾ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ’ਚ ਬਹੁਤ ਹੀ ਗੰਭੀਰ ਸਮੱਸਿਆ ਹੈ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸਿਰਫ਼ ਆਪਣੇ ਆਪ ਨੂੰ ਛੱਡ ਕੇ ਬਾਕੀ ਸਾਰਿਆਂ ’ਤੇ ਦੋਸ਼ ਲਾਏ ਹਨ। ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਏ ਪ੍ਰਧਾਨ ਨੇ ਕਿਹਾ, ‘‘ਮੈਂ ਆਪਣੇ ਆਗੂ ਪ੍ਰਧਾਨ ਮੰਤਰੀ ਦੀ ਰਹਿਨੁਮਾਈ ਹੇਠ ਇਥੇ ਹਾਂ ਅਤੇ ਉਨ੍ਹਾਂ ਦੀ ਸਰਕਾਰ ਰਲ ਕੇ ਇਸ ਪ੍ਰਤੀ ਜਵਾਬਦੇਹ ਹੈ।’’ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਪੇਪਰ ਲੀਕ ਦਾ ਕੋਈ ਸਬੂਤ ਨਹੀਂ ਹੈ।

ਨੀਟ ਮੁੱਦੇ ’ਤੇ ਲੋਕ ਸਭਾ ’ਚ ਬੋਲਦੇ ਹੋਏ ਸਪਾ ਮੁਖੀ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ

ਵਿਰੋਧੀ ਧਿਰ ਨੇ ਪੇਪਰ ਲੀਕ ਮਾਮਲੇ ’ਚ ਸਰਕਾਰ ਨੂੰ ਜਦੋਂ ਘੇਰਿਆ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਾਰੀਆਂ ਪ੍ਰੀਖਿਆਵਾਂ ਬਾਰੇ ਸਵਾਲ ਚੁੱਕਣਾ ਠੀਕ ਨਹੀਂ ਹੈ ਅਤੇ ਮੈਂਬਰਾਂ ਨੂੰ ਬਿਹਤਰ ਪ੍ਰੀਖਿਆ ਪ੍ਰਣਾਲੀ ਵਿਕਸਤ ਕਰਨ ਦੀ ਲੋੜ ਬਾਰੇ ਚਰਚਾ ਕਰਨੀ ਚਾਹੀਦੀ ਹੈ। ਇਸ ਮਗਰੋਂ ਟੀਐੱਮਸੀ ਅਤੇ ਡੀਐੱਮਕੇ ਸਮੇਤ ਤਕਰੀਬਨ ਸਾਰੀ ਵਿਰੋਧੀ ਧਿਰ ਨੇ ਸਦਨ ’ਚੋਂ ਵਾਕਆਊਟ ਕੀਤਾ। ਕਾਂਗਰਸ ਦੇ ਸਦਨ ’ਚ ਉਪ ਨੇਤਾ ਗੌਰਵ ਗੋਗੋਈ ਨੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਸਿੱਖਿਆ ਮੰਤਰੀ ਢੁੱਕਵਾਂ ਜਵਾਬ ਨਹੀਂ ਦੇ ਸਕੇ ਅਤੇ ਵਿਰੋਧੀ ਧਿਰ ਸਰਕਾਰ ’ਤੇ ਦਬਾਅ ਪਾਉਣ ਲਈ ਇਹ ਮੁੱਦਾ ਲਗਾਤਾਰ ਚੁਕਦੀ ਰਹੇਗੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪੂਰਾ ਮੁਲਕ ਇਸ ਗੱਲੋਂ ਫਿਕਰਮੰਦ ਹੈ ਕਿ ਸਿਰਫ਼ ਨੀਟ ’ਚ ਹੀ ਨਹੀਂ ਸਗੋਂ ਸਾਰੀਆਂ ਵੱਡੀਆਂ ਪ੍ਰੀਖਿਆਵਾਂ ਅਤੇ ਪ੍ਰੀਖਿਆ ਪ੍ਰਣਾਲੀ ’ਚ ਬਹੁਤ ਗੰਭੀਰ ਸਮੱਸਿਆ ਹੈ। ਪ੍ਰਸ਼ਨਕਾਲ ਦੌਰਾਨ ਉਨ੍ਹਾਂ ਪ੍ਰਧਾਨ ਨੂੰ ਕਿਹਾ, ‘‘ਜੇ ਤੁਸੀਂ ਅਮੀਰ ਹੋ ਅਤੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਭਾਰਤੀ ਪ੍ਰੀਖਿਆ ਪ੍ਰਣਾਲੀ ਨੂੰ ਖ਼ਰੀਦ ਸਕਦੇ ਹੋ। ਦੇਸ਼ ਦੇ ਲੱਖਾਂ ਵਿਦਿਆਰਥੀ ਮੰਨਦੇ ਹਨ ਕਿ ਪ੍ਰੀਖਿਆ ਪ੍ਰਣਾਲੀ ਧੋਖਾਧੜੀ ਹੈ। ਤੁਸੀਂ ਸੰਸਥਾਗਤ ਪੱਧਰ ’ਤੇ ਇਸ ਮੁੱਦੇ ਦਾ ਕਿਵੇਂ ਨਿਬੇੜਾ ਕਰਨ ਜਾ ਰਹੇ ਹੋ।’’ ਖਿੱਝੇ ਹੋਏ ਦਿਖਾਈ ਦੇ ਰਹੇ ਪ੍ਰਧਾਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮੈਂਬਰ ਨੇ ਪ੍ਰੀਖਿਆ ਪ੍ਰਣਾਲੀ ਨੂੰ ਬਕਵਾਸ ਦੱਸਿਆ ਹੈ। ਕਾਂਗਰਸ ਮੈਂਬਰ ਮਨਿਕਮ ਟੈਗੋਰ ਨੇ ਜਦੋਂ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ 70 ਪੇਪਰ ਲੀਕ ਹੋਏ ਹਨ ਤਾਂ ਪ੍ਰਧਾਨ ਨੇ ਕਿਹਾ ਇਸ ਦਾ ਕੋਈ ਸਬੂਤ ਨਹੀਂ ਹੈ। ਮੰਤਰੀ ਨੇ ਕਿਹਾ ਕਿ ਐੱਨਟੀਏ ਦੀ ਸਥਾਪਨਾ ਮਗਰੋਂ 240 ਤੋਂ ਵੱਧ ਪ੍ਰੀਖਿਆਵਾਂ ਹੋਈਆਂ ਹਨ। ਪੰਜ ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਅਤੇ ਸਾਢੇ 4 ਕਰੋੜ ਤੋਂ ਜ਼ਿਆਦਾ ਨੇ ਪ੍ਰੀਖਿਆਵਾਂ ਦਿੱਤੀਆਂ ਹਨ। ਪ੍ਰੀਖਿਆਵਾਂ ’ਚ ਕਥਿਤ ਖਾਮੀਆਂ ਅਤੇ ਨਕਲ ਬਾਰੇ ਪ੍ਰਧਾਨ ਨੇ ਕਿਹਾ, ‘‘ਅਸੀਂ ਕੁਝ ਵੀ ਨਹੀਂ ਛੁਪਾ ਰਹੇ ਹਾਂ। ਸਾਰਾ ਕੁਝ ਰਿਕਾਰਡ ’ਤੇ ਹੈ।’’ ਸਪੀਕਰ ਨੇ ਕਿਹਾ ਕਿ ਸੀਬੀਆਈ ਪੇਪਰ ਲੀਕ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਸੁਪਰੀਮ ਕੋਰਟ ਇਸ ’ਤੇ ਸੁਣਵਾਈ ਕਰ ਰਿਹਾ ਹੈ। ‘ਸਾਨੂੰ ਬਿਹਤਰ ਪ੍ਰਣਾਲੀ ਵਿਕਸਤ ਕਰਨ ਵੱਲ ਦੇਖਣਾ ਚਾਹੀਦਾ ਹੈ। ਸਾਰੀਆਂ ਪ੍ਰੀਖਿਆਵਾਂ ’ਤੇ ਸਵਾਲ ਚੁੱਕਣਾ ਠੀਕ ਨਹੀਂ ਹੈ।’ ਸਪੀਕਰ ਵੱਲੋਂ ਟਿੱਪਣੀ ਕਰਨ ਮਗਰੋਂ ਰਾਹੁਲ ਗਾਂਧੀ ਕੁਝ ਬੋਲਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ਵੀ ਪੇਪਰ ਲੀਕ ’ਤੇ ਸਵਾਲ ਖੜ੍ਹੇ ਕੀਤੇ ਅਤੇ ਦਾਅਵਾ ਕੀਤਾ ਕਿ ਸਰਕਾਰ ਇਸ ਮੁੱਦੇ ’ਤੇ ਰਿਕਾਰਡ ਬਣਾਏਗੀ। ਉਨ੍ਹਾਂ ਕਿਹਾ,‘‘ਐੱਨਟੀਏ ਨੂੰ ਉਨ੍ਹਾਂ ਸੈਂਟਰਾਂ ਦੀ ਸੂਚੀ ਪ੍ਰਕਾਸ਼ਿਤ ਕਰਨੀ ਚਾਹੀਦੀ ਹੈ ਜਿਥੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਖਾਸ ਸੈਂਟਰਾਂ ਦੇ ਵਿਦਿਆਰਥੀਆਂ ਨੇ ਹੋਰਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ।’’ ਸਿੱਖਿਆ ਮੰਤਰੀ ਨੇ ਕਿਹਾ ਕਿ ਕੇਰਲ ਦੇ ਵਿਦਿਆਰਥੀਆਂ ਨੂੰ ਵਧੀਆ ਅੰਕ ਮਿਲੇ ਹਨ ਤਾਂ ਕੀ ਸਾਨੂੰ ਆਖਣਾ ਚਾਹੀਦਾ ਹੈ ਕਿ ਉਥੇ ਵੀ ਕੁਝ ਗੜਬੜੀ ਹੋਈ ਹੈ। ਕਾਂਗਰਸ ਮੈਂਬਰ ਹਿਬੀ ਈਡੇਨ ਨੇ ਨੀਟ ਨੂੰ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ,‘‘ਐੱਨਟੀਏ ਨੂੰ ਬੇਨਿਯਮੀਆਂ ਅਤੇ ਪੇਪਰ ਲੀਕ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 67 ਵਿਦਿਆਰਥੀਆਂ ਦੇ 99.99 ਪ੍ਰਤੀਸ਼ਤ ਨੰਬਰ ਆਏ ਜਿਨ੍ਹਾਂ ’ਚੋਂ ਛੇ ਹਰਿਆਣਾ ਦੇ ਇਕ ਸੈਂਟਰ ਤੋਂ ਸਨ। ਇਨ੍ਹਾਂ ਸੈਂਟਰਾਂ ਦੇ ਕੌਣ ਮਾਲਕ ਹਨ? ਗੁਜਰਾਤ ’ਚ ਐੱਨਟੀਏ ਨੇ ਗੋਧਰਾ ਦੇ ਇਕ ਸਕੂਲ ’ਚ ਪ੍ਰੀਖਿਆ ਕੇਂਦਰ ਬਣਾਇਆ ਜਦਕਿ ਗੁਜਰਾਤ ਹਾਈ ਕੋਰਟ ਨੇ ਸਕੂਲ ਚਲਾਉਣ ਵਾਲੀ ਸੰਸਥਾ ’ਤੇ 35 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਨ੍ਹਾਂ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਕੀ ਰਹੇਗੀ।’’ ਆਰਐੱਸਪੀ ਮੈਂਬਰ ਐੱਨਕੇ ਪ੍ਰੇਮਚੰਦਰਨ ਨੇ ਨੀਟ ਮੁੱਦੇ ’ਤੇ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। -ਪੀਟੀਆਈ

ਐੱਨਟੀਏ ਵਿੱਚ 170 ਤੋਂ ਵੱਧ ਕਰਮਚਾਰੀ ਠੇਕੇ ’ਤੇ ਜਾਂ ਆਊਟਸੋਰਸਡ

ਨਵੀਂ ਦਿੱਲੀ: ਸਿੱਖਿਆ ਮੰਤਰਾਲੇ ਨੇ ਅੱਜ ਲੋਕ ਸਭਾ ਨੂੰ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵਿੱਚ 170 ਤੋਂ ਵੱਧ ਕਰਮਚਾਰੀ ਜਾਂ ਤਾਂ ਠੇਕੇ ’ਤੇ ਹਨ ਜਾਂ ਆਊਟਸੋਰਸਡ ਹਨ। ਹਾਲਾਂਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਏਜੰਸੀ ਵੱਲੋਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਲਈ ‘ਪ੍ਰਸ਼ਨ ਪੱਤਰ ਦੀ ਤਿਆਰੀ ਨਾਲ ਸਬੰਧਤ ਸਾਰੀਆਂ ਮੁੱਖ ਗਤੀਵਿਧੀਆਂ’ ਕਦੇ ਵੀ ਆਊਟਸੋਰਸ ਨਹੀਂ ਕੀਤੀਆਂ ਜਾਂਦੀਆਂ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਇਹ ਜਾਣਕਾਰੀ ਸੰਸਦ ਮੈਂਬਰ ਕਨਿਮੋੜੀ ਕਰੁਣਾਨਿਧੀ ਵੱਲੋਂ ਲੋਕ ਸਭਾ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਾਂਝੀ ਕੀਤੀ। ਮੰਤਰੀ ਨੇ ਕਿਹਾ, ‘‘ਐੱਨਟੀਏ ਦੇ ਡਾਇਰੈਕਟਰ ਜਨਰਲ (ਡੀਜੀ) ਦੀ ਨਿਯੁਕਤੀ ਕੇਂਦਰੀ ਸਟਾਫਿੰਗ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਐੱਨਟੀਏ ਵਿੱਚ ਡੈਪੂਟੇਸ਼ਨ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਇਸ ਵੇਲੇ 22 ਹੈ। ਇਸੇ ਤਰ੍ਹਾਂ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 39 ਅਤੇ ਆਊਟਸੋਰਸਡ ਕਰਮਚਾਰੀਆਂ ਦੀ ਗਿਣਤੀ 132 ਹੈ।’’ -ਪੀਟੀਆਈ

ਐੱਨਟੀਏ ਨੇ ਛੇ ਸਾਲਾਂ ਵਿੱਚ 16 ਪ੍ਰੀਖਿਆਵਾਂ ਮੁਲਤਵੀ ਕੀਤੀਆਂ

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਸਾਲ 2018 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਕਾਰਨਾਂ ਕਰਕੇ ਘੱਟੋ-ਘੱਟ 16 ਪ੍ਰੀਖਿਆਵਾਂ ਮੁਲਤਵੀ ਕੀਤੀਆਂ ਹਨ। ਸਿੱਖਿਆ ਮੰਤਰਾਲੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰੀਖਿਆ ਮੁਲਤਵੀ ਕਰਨ ਦੇ ਕਾਰਨਾਂ ਵਿੱਚ ਕੋਵਿਡ-19 ਮਹਾਮਾਰੀ, ਪ੍ਰਬੰਧਕੀ ਕਾਰਨ, ਲੌਜਿਸਟਿਕਲ ਕਾਰਨ ਅਤੇ ਤਕਨੀਕੀ ਮੁੱਦੇ ਸ਼ਾਮਲ ਹਨ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਕਿਹਾ, ‘2018 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਤੋਂ ਐੱਨਟੀਏ ਨੇ 240 ਤੋਂ ਵੱਧ ਪ੍ਰੀਖਿਆਵਾਂ ਸਫਲਤਾਪੂਰਵਕ ਕਰਵਾਈਆਂ ਜਿਨ੍ਹਾਂ ਵਿੱਚ 5.4 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।’’ -ਪੀਟੀਆਈ

Advertisement
×