ਆਮ ਆਦਮੀ ਪਾਰਟੀ ਤਰਨ ਤਾਰਨ ਦੀ ਉਪ ਚੋਣ ਲਈ ਪ੍ਰਚਾਰ ਦੌਰਾਨ ਹੁਣ ਪੰਥਕ ਏਜੰਡਾ ਉਭਾਰਨ ਲੱਗੀ ਹੈ; ਭ੍ਰਿਸ਼ਟਾਚਾਰ ਵਿਰੋਧੀ ਏਜੰਡਾ ‘ਆਪ’ ਦੇ ਚੋਣ ਪ੍ਰਚਾਰ ’ਚੋਂ ਗ਼ਾਇਬ ਹੋਣ ਲੱਗਿਆ ਹੈ। ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰੀ ਮਗਰੋਂ ‘ਆਪ’ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਭਾਸ਼ਣਾਂ ਦੇ ਕੇਂਦਰ ’ਚ ਨਹੀਂ ਰੱਖਿਆ ਜਾ ਰਿਹਾ।
ਤਰਨ ਤਾਰਨ ਜ਼ਿਮਨੀ ਚੋਣ ’ਚ ਦੋ ਔਰਤਾਂ ਸਮੇਤ 15 ਉਮੀਦਵਾਰ ਚੋਣ ਮੈਦਾਨ ’ਚ ਹਨ। ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ, ਕਾਂਗਰਸ ਦੇ ਕਰਨਬੀਰ ਸਿੰਘ ਅਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਵੱਲੋਂ ਚੋਣ ਪ੍ਰਚਾਰ ਮਘਾਇਆ ਜਾ ਰਿਹਾ ਹੈ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ‘ਵਾਰਸ ਪੰਜਾਬ ਦੇ’ ਨੇ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਤੇ ਪਾਰਟੀ ਚੋਣ ਪ੍ਰਚਾਰ ’ਚ ਪੰਥਕ ਮੁੱਦਿਆਂ ’ਤੇ ਜ਼ੋਰ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸੀਟ ਵਕਾਰੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਅਗਲੀਆਂ ਚੋਣਾਂ ’ਤੇ ਪੈਣਾ ਹੈ। ‘ਆਪ’ ਵੱਲੋਂ ਪ੍ਰਚਾਰ ਦੌਰਾਨ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੀ ਉਚੇਚੀ ਚਰਚਾ ਕੀਤੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨ੍ਹਾਂ ਸਮਾਗਮਾਂ ਲਈ ਸੱਦਾ ਪੱਤਰ ਦੇ ਰਹੇ ਹਨ। ਇਨ੍ਹਾਂ ਸ਼ਹੀਦੀ ਸਮਾਗਮਾਂ ਬਾਰੇ ਪ੍ਰਚਾਰ ਦਾ ਅਸਰ ‘ਆਪ’ ਉਪ ਚੋਣ ’ਚ ਦੇਖਣਾ ਚਾਹੁੰਦੀ ਹੈ।
‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਏਜੰਡਾ ‘ਆਪ’ ਲਈ ਮਹੱਤਵਪੂਰਨ ਹੈ ਤੇ ‘ਆਪ’ ਇਕਲੌਤੀ ਪਾਰਟੀ ਹੈ ਜਿਸ ਨੇ ਭ੍ਰਿਸ਼ਟਾਚਾਰ ’ਚ ਸ਼ਾਮਲ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਹੈ। ਭੁੱਲਰ ਦੀ ਗ੍ਰਿਫ਼ਤਾਰੀ ਬਾਰੇ ਪਹਿਲਾਂ ਹੀ ਪਾਰਟੀ ਆਖ ਚੁੱਕੀ ਹੈ ਕਿ ਹਰ ਭ੍ਰਿਸ਼ਟਾਚਾਰੀ ਖ਼ਿਲਾਫ਼ ਸਖ਼ਤ ਕਦਮ ਚੁੱਕਾਂਗੇ। ਹੁਣ ਜਦੋਂ ਉਪ ਚੋਣ ਲਈ ਪ੍ਰਚਾਰ ਚੱਲ ਰਿਹਾ ਹੈ ਤਾਂ ਨਾਲ ਹੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਆ ਗਿਆ ਹੈ ਜਿਸ ਕਰਕੇ ਹਲਕੇ ਦੇ ਲੋਕਾਂ ’ਚ ਪੰਥਕ ਗੂੰਜ ਪੈਣੀ ਸੁਭਾਵਕ ਹੈ। ਪਤਾ ਲੱਗਾ ਹੈ ਕਿ ‘ਆਪ’ ਹੜ੍ਹਾਂ ਦੌਰਾਨ ਸਰਕਾਰ ਵੱਲੋਂ ਨਿਭਾਈ ਭੂਮਿਕਾ ਦਾ ਜ਼ਿਕਰ ਵੀ ਚੋਣ ਪ੍ਰਚਾਰ ਦੌਰਾਨ ਕਰ ਰਹੀ ਹੈ।

