ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਪੋਖਰਨ ਫੀਲਡ ਫਾਇਰਿੰਗ ਰੇਂਜ ਵਿੱਚ ਸ਼ਨਿੱਚਰਵਾਰ ਨੂੰ ਨਿਯਮਤ ਰੱਖਿਆ ਸਿਖਲਾਈ ਅਭਿਆਸ ਦੌਰਾਨ ਮਿਜ਼ਾਈਲ ਦਾ ਇੱਕ ਹਿੱਸਾ ਰੇਂਜ ਸੀਮਾ ਤੋਂ ਬਾਹਰ ਪਿੰਡ ਦੇ ਨੇੜੇ ਡਿੱਗਾ। ਇਸ ਦੌਰਾਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਰੱਖਿਆ ਸੂਤਰਾਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਨਿਰਧਾਰਤ ਫੌਜੀ ਅਭਿਆਸ ਦੀ ਕੜੀ ਵਜੋਂ ਦਾਗੀ ਇੱਕ ਮਿਜ਼ਾਈਲ ਆਪਣੇ ਨਿਸ਼ਾਨੇ ਤੋਂ ਭਟਕ ਗਈ ਅਤੇ ਜੈਸਲਮੇਰ ਦੇ ਲਾਠੀ ਖੇਤਰ ਨੇੜੇ ਸਥਿਤ ਭਦਰੀਆ ਪਿੰਡ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਜਾ ਡਿੱਗੀ। ਮਿਜ਼ਾਈਲ ਡਿੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਜਿਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਨਾਲ ਨੇੜਲੇ ਪਿੰਡਾਂ ਦੇ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ।
ਲਾਠੀ ਦੇ ਐਸਐਚਓ ਰਾਜੇਂਦਰ ਕੁਮਾਰ ਨੇ ਕਿਹਾ, ‘‘ਇਹ ਫੀਲਡ ਫਾਇਰਿੰਗ ਰੇਂਜ ਦੇ ਅੰਦਰ ਡਿੱਗੀ। ਇਹ ਨਿਯਮਤ ਅਭਿਆਸ ਸੀ।’’
ਘਟਨਾ ਤੋਂ ਤੁਰੰਤ ਬਾਅਦ ਫੌਜ ਅਤੇ ਹਵਾਈ ਸੈਨਾ ਦੀਆਂ ਟੀਮਾਂ, ਸਥਾਨਕ ਪੁਲੀਸ ਨਾਲ ਮੌਕੇ ’ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਘੇਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਦੇ ਹਿੱਸੇ ਨੂੰ ਬਰਾਮਦ ਕਰ ਕੇ ਇੱਕ ਪਿਕਅੱਪ ਵਾਹਨ ਜ਼ਰੀਏ ਫਾਇਰਿੰਗ ਰੇਂਜ ਵਿੱਚ ਵਾਪਸ ਲਿਆਂਦਾ ਗਿਆ।’’

