DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਚਾਇਤ ਚੋਣਾਂ: ਤ੍ਰਿਣਮੂਲ ਕਾਂਗਰਸ ਹੂੰਝਾਫੇਰ ਜਿੱਤ ਨੇੇੜੇ

34913 ਗ੍ਰਾਮ ਪੰਚਾਇਤ ਸੀਟਾਂ ਜਿੱਤੀਆਂ, 607 ’ਤੇ ਉਮੀਦਵਾਰ ਅੱਗੇ; ਭਾਜਪਾ ਦੀ ਝੋਲੀ ਪਈਆਂ 9722 ਸੀਟਾਂ; ਦੱਖਣੀ 24 ਪਰਗਨਾ ਵਿੱਚ ਬੂਥ ਦੇ ਬਾਹਰ ਝੜਪ ਵਿੱਚ ਤਿੰਨ ਹਲਾਕ
  • fb
  • twitter
  • whatsapp
  • whatsapp
featured-img featured-img
ਮਾਲਦਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਜੇਤੂ ਉਮੀਦਵਾਰ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਕੋਲਕਾਤਾ, 12 ਜੁਲਾਈ

ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪੰਚਾਇਤ ਚੋਣਾਂ ਵਿੱਚ ਹੂੰਝਾਫੇਰ ਜਿੱਤ ਦਰਜ ਕਰਨ ਦੇ ਨੇੜੇ ਢੁੱਕ ਗਈ ਹੈ। ਰਾਜ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਐਲਾਨੇ ਨਤੀਜਿਆਂ ਵਿੱਚ ਟੀਐੱਮਸੀ ਨੇ ਭਾਜਪਾ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਵੱਡੀ ਲੀਡ ਲੈ ਲਈ ਹੈ। ਤ੍ਰਿਣਮੂਲ ਕਾਂਗਰਸ ਨੇ ਪੰਚਾਇਤ ਚੋਣਾਂ ਦੀ ਜਿੱਤ ਨੂੰ ‘ਲੋਕਾਂ ਦੀ ਜਿੱਤ’ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਰਾਤ ਸਾਢੇ ਸੱਤ ਵਜੇ ਤੱਕ ਐਲਾਨੇ ਨਤੀਜਿਆਂ ਮੁਤਾਬਕ ਟੀਐੱਮਸੀ ਨੇ 34,913 ਗ੍ਰਾਮ ਪੰਚਾਇਤ ਸੀਟਾਂ ਜਿੱਤ ਲਈਆਂ ਸਨ ਤੇ ਪਾਰਟੀ 607 ਸੀਟਾਂ ’ਤੇ ਅੱਗੇ ਸੀ। ਪੰਚਾਇਤ ਚੋਣਾਂ ਵਿੱਚ ਕੁੱਲ ਮਿਲਾ ਕੇ 63,229 ਗ੍ਰਾਮ ਪੰਚਾਇਤ ਸੀਟਾਂ ਲਈ ਵੋਟਾਂ ਪਈਆਂ ਸਨ। ਭਾਜਪਾ ਨੇ 9722 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਤੇ 150 ਸੀਟਾਂ ’ਤੇ ਉਸ ਦੇ ਉਮੀਦਵਾਰ ਅੱਗੇ ਸਨ। ਸੀਪੀਐੱਮ ਨੇ 2937 ਸੀਟਾਂ ਜਿੱਤੀਆਂ ਤੇ 67 ਸੀਟਾਂ ’ਤੇ ਪਾਰਟੀ ਨੇ ਬੜਤ ਬਣਾਈ ਹੋਈ ਸੀ। ਉਧਰ ਕਾਂਗਰਸ ਨੇ 2543 ਸੀਟਾਂ ਜਿੱਤੀਆਂ ਤੇ 63 ਉੱਤੇ ਪਾਰਟੀ ਉਮੀਦਵਾਰ ਅੱਗੇ ਸਨ।

Advertisement

ਸੱਤਾਧਾਰੀ ਟੀਐੱਮਸੀ ਨੇ ਪੰਚਾਇਤ ਸਮਿਤੀ ਦੀਆਂ 6430 ਸੀਟਾਂ ਜਿੱਤੀਆਂ ਹਨ ਤੇ 195 ਸੀਟਾਂ ’ਤੇ ਅੱਗੇ ਹਨ। ਭਾਜਪਾ ਨੇ 982 ਸੀਟਾਂ ਜਿੱਤੀਆਂ ਤੇ 54 ਵਿੱਚ ਅੱਗੇ ਸੀ। ਸੀਪੀਐੱਮ ਦੀ ਝੋਲੀ 176 ਸੀਟਾਂ ਪਈਆਂ ਤੇ 15 ਹੋਰਨਾਂ ’ਤੇ ਉਮੀਦਵਾਰ ਅੱਗੇ ਸਨ। ਕਾਂਗਰਸ ਨੇ 266 ਸੀਟਾਂ ਜਿੱਤੀਆਂ ਤੇ 6 ਸੀਟਾਂ ’ਤੇ ਉਸ ਦੇ ਉਮੀਦਵਾਰਾਂ ਨੇ ਬੜਤ ਬਣਾਈ ਹੋਈ ਸੀ। ਪੰਚਾਇਤ ਸਮਿਤੀ ਦੀਆਂ ਕੁੱਲ 9728 ਸੀਟਾਂ ਲਈ ਪੋਲਿੰਗ ਹੋਈ ਸੀ। ਜ਼ਿਲ੍ਹਾ ਪ੍ਰੀਸ਼ਦ ਦੀਆਂ 928 ਸੀਟਾਂ ਲਈ ਹੋਈ ਚੋਣ ਵਿਚ ਤ੍ਰਿਣਮੂਲ ਕਾਂਗਰਸ ਹੁਣ ਤੱਕ 674 ਸੀਟਾਂ ਜਿੱਤ ਚੁੱਕੀ ਹੈ ਤੇ 149 ਸੀਟਾਂ ’ਤੇ ਉਮੀਦਵਾਰ ਅੱਗੇ ਸਨ। ਇਸ ਦੌਰਾਨ ਦੱਖਣੀ 24 ਪਰਗਨਾ ਦੇ ਭੰਗੋਰ ਵਿੱਚ ਮੰਗਲਵਾਰ ਰਾਤ ਨੂੰ ਵੋਟਾਂ ਦੀ ਗਿਣਤੀ ਵਾਲੇ ਬੂਥ ਦੇ ਬਾਹਰ ਹੋਈ ਝੜਪ ਵਿੱਚ ਇੰਡੀਅਨ ਸੈਕੁਲਰ ਫਰੰਟ ਦੇ ਦੋ ਕਾਰਕੁਨਾਂ ਸਣੇ ਤਿੰਨ ਵਿਅਕਤੀਆਂ ਦੀ ਮੌਤ ਤੇ ਕਈ ਹੋਰ ਜ਼ਖ਼ਮੀ ਹੋ ਗਏ। -ਪੀਟੀਆਈ

ਪੁਲੀਸ ਨੂੰ ਹਿੰਸਾਕਾਰੀਆਂ ਖਿਲਾਫ਼ ਕਾਰਵਾਈ ਦੀ ਪੂਰੀ ਖੁੱਲ੍ਹ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਪੰਚਾਇਤ ਚੋਣਾਂ ਦੌਰਾਨ ਹਿੰਸਾ ਵਿੱਚ ਗਈਆਂ ਜਾਨਾਂ ਤੋਂ ਦੁਖੀ ਹਨ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਲਈ ਪੁਲੀਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਚੋਣਾਂ ਨਾਲ ਸਬੰਧਤ ਹਿੰਸਾ ਵਿੱਚ 19 ਜਾਨਾਂ ਗਈਆਂ ਹਨ, ਜਿਨ੍ਹਾਂ ਵਿਚੋਂ ਬਹੁਤੇ ਉਨ੍ਹਾਂ ਦੀ ਪਾਰਟੀ ਟੀਐੱਮਸੀ ਨਾਲ ਸਬੰਧਤ ਹਨ। ਇਸ ਦੌਰਾਨ ਮਮਤਾ ਨੇ ਭਾਜਪਾ ਦੀ ਤੱਥ ਖੋਜ ਕਮੇਟੀ ਨੂੰ ਭੜਕਾਊ ਕਮੇਟੀ ਕਰਾਰ ਦਿੱਤਾ ਹੈ।

ਟੀਐੱਮਸੀ ਨੇ ਜਮਹੂਰੀਅਤ ਨੂੰ ਸ਼ਰਮਸਾਰ ਕੀਤਾ: ਪ੍ਰਸਾਦ

ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਟੀਐੈੱਮਸੀ ਸਰਕਾਰ ਨੇ ਬੰਗਾਲ ’ਚ ਜਮਹੂਰੀਅਤ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਤੇ ਖੱਬੀਆਂ ਪਾਰਟੀਆਂ ਵੱਲੋਂ ਧਾਰੀ ਚੁੱਪ ’ਤੇ ਵੀ ਸਵਾਲ ਉਠਾਏ। ਬੰਗਾਲ ਦੌਰੇ ’ਤੇ ਗਈ ਭਾਜਪਾ ਦੀ ਚਾਰ ਮੈਂਬਰੀ ਤੱਥ ਖੋਜ ਕਮੇਟੀ ਦੀ ਅਗਵਾਈ ਕਰ ਰਹੇ ਪ੍ਰਸਾਦ ਨੇ ਕਿਹਾ ਕਿ ਬੰਗਾਲ ਭਾਜਪਾ ਵੱਲੋਂ ਧਾਰਾ 355 ਲਾਗੂ ਕੀਤੇ ਜਾਣ ਦੀ ਮੰਗ ਪੂਰੀ ਤਰ੍ਹਾਂ ‘ਨਿਆਂਪੂਰਨ’ ਹੈ।

ਪੰਚਾਇਤ ਚੋਣਾਂ ਦੇ ਨਤੀਜੇ ਸਾਡੇ ਆਖਰੀ ਹੁਕਮਾਂ ’ਤੇ ਨਿਰਭਰ: ਹਾਈ ਕੋਰਟ

ਕਲਕੱਤਾ ਹਾਈ ਕੋਰਟ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਤੇ ਨਤੀਜਿਆਂ ਦਾ ਐਲਾਨ ਉਸ (ਕੋਰਟ) ਵੱਲੋਂ ਦਿੱਤੇ ਜਾਣ ਵਾਲੇ ਆਖਰੀ ਫੈਸਲੇ ’ਤੇ ਨਿਰਭਰ ਕਰੇਗਾ। ਵੋਟਾਂ ਵਾਲੇ ਦਿਨ ਕਥਿਤ ਚੋਣ ਧਾਂਦਲੀ ਦੇ ਦੋਸ਼ਾਂ ਨਾਲ ਸਬੰਧਤ ਤਿੰਨ ਪਟੀਸ਼ਨਾਂ ਸੁਣਵਾਈ ਲਈ ਹਾਈ ਕੋਰਟ ਦੇ ਵਿਚਾਰ ਅਧੀਨ ਹਨ। ਚੀਫ ਜਸਟਿਸ ਟੀ.ਐੱਸ.ਸ਼ਿਵਗਾਨਮ ਦੀ ਅਗਵਾਈ ਵਾਲੇ ਬੈਂਚ ਨੇ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਉਮੀਦਵਾਰਾਂ, ਜਿਨ੍ਹਾਂ ਨੂੰ ਜੇਤੂ ਐਲਾਨਿਆ ਗਿਆ ਹੈ, ਨੂੰ ਇਸ ਪਹਿਲੂ ਬਾਰੇ ਸੂਚਿਤ ਕਰ ਦੇਵੇ। ਹਾਈ ਕੋਰਟ ਨੇ ਪੰਚਾਇਤ ਚੋਣਾਂ ਲਈ ਕੇਂਦਰੀ ਬਲਾਂ ਦੇ ਕੋਆਰਡੀਨੇਟਰ ਦੇ ਇਸ ਦੋਸ਼ ਕਿ ਉਨ੍ਹਾਂ ਨੂੰ (ਚੋਣਾਂ ਦੌਰਾਨ) ਲੋੜੀਂਦਾ ਸਹਿਯੋਗ ਨਹੀਂ ਮਿਲਿਆ, ਮਗਰੋਂ ਸੂਬਾ ਸਰਕਾਰ ਤੇ ਰਾਜ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ। ਕੋਰਟ ਨੇ ਕਿਹਾ ਕਿ ਦੋਸ਼ ਗੰਭੀਰ ਹਨ।

Advertisement
×