ਨਵੀਂ ਦਿੱਲੀ, 21 ਫਰਵਰੀਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਪਨਾਮਾ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਬਾਰੇ ਕੁੱਝ ਰਿਪੋਰਟਾਂ ਦੇਖੀਆਂ ਹਨ ਅਤੇ ਮੰਤਰਾਲਾ ਵੇਰਵਿਆਂ ਦੀ ਪੁਸ਼ਟੀ ਕਰ ਰਿਹਾ ਹੈ ਕਿ ਕੀ ਸਬੰਧਿਤ ਵਿਅਕਤੀ ਭਾਰਤੀ ਨਾਗਰਿਕ ਹਨ ਜਾਂ ਨਹੀਂ।ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਅੱਜ ਇੱਥੇ ਸ਼ਾਮ ਵੇਲੇ ਹਫ਼ਤਾਵਰੀ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ’ਚ ਦੱਸਿਆ, ‘‘ਇੱਕ ਵਾਰ ਜਦੋਂ ਸਬੰਧਿਤ ਵੇਰਵਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਨ੍ਹਾਂ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਲਈ ਪ੍ਰਬੰਧ ਕੀਤੇ ਜਾਣਗੇ।’’ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਚੁੱਕੇ ਗਏ ਕਦਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਅਸੀਂ ਇਸ ਨਾਲ ਲੜਨ ਲਈ ਵਚਨਬੱਧ ਹਾਂ।’’ਇਹ ਪੁੱਛੇ ਜਾਣ ’ਤੇ ਕਿ ਕੀ ਪਨਾਮਾ ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਭਾਰਤ ਨਾਲ ਸੰਪਰਕ ਕੀਤਾ ਹੈ, ਜੈਸਵਾਲ ਨੇ ਕਿਹਾ, ‘‘ਅਸੀਂ ਪਨਾਮਾ ਅਤੇ ਕੋਸਟਾ ਰੀਕਾ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਬਾਰੇ ਕੁਝ ਰਿਪੋਰਟਾਂ ਦੇਖੀਆਂ ਹਨ। ਹੁਣ ਇਹ ਸਾਡੀ ਸਮਝ ਹੈ ਕਿ ਇਹ ਅਮਰੀਕਾ ਅਤੇ ਸਬੰਧਿਤ ਸਰਕਾਰਾਂ ਵਿਚਕਾਰ ਇੱਕ ਸਮਝੌਤੇ ਤਹਿਤ ਹੋਇਆ ਹੈ। ਕੋਸਟਾ ਰੀਕਾ ਅਤੇ ਪਨਾਮਾ ਦੋਵੇਂ ਦੇਸ਼ ਨਿਕਾਲੇ ਵਾਲਿਆਂ ਲਈ ਟਰਾਂਜ਼ਿਟ ਦੇਸ਼ਾਂ ਵਜੋਂ ਕੰਮ ਕਰਨ ਲਈ ਸਹਿਮਤ ਹੋਏ ਹਨ, ਜਦੋਂ ਕਿ ਅਮਰੀਕਾ ਕਾਰਵਾਈ ਦਾ ਸਾਰਾ ਖਰਚਾ ਚੁੱਕਦਾ ਹੈ।’’ਉਨ੍ਹਾਂ ਦੱਸਿਆ ਕਿ ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ।ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ, ‘‘ਅਸੀਂ ਸਮਝਦੇ ਹਾਂ ਕਿ ਇਨ੍ਹਾਂ ਵਿੱਚੋਂ ਕੁੱਝ ਭਾਰਤੀ ਨਾਗਰਿਕ ਹੋ ਸਕਦੇ ਹਨ ਤੇ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।’’ਉਨ੍ਹਾਂ ਕਿਹਾ, ‘‘ਪਨਾਮਾ ਦੇ ਮਾਮਲੇ ’ਚ ਭਾਰਤ ਵੇਰਵਿਆਂ ਦੀ ਪੁਸ਼ਟੀ ਦੀ ਉਡੀਕ ਕਰ ਰਿਹਾ ਹੈ ਕਿ ਸਬੰਧਿਤ ਵਿਅਕਤੀ ਭਾਰਤੀ ਨਾਗਰਿਕ ਹਨ ਜਾਂ ਨਹੀਂ। ਇੱਕ ਵਾਰ ਜਦੋਂ ਪੁਸ਼ਟੀ ਕਰਨ ਸਬੰਧੀ ਕਾਰਵਾਈ ਮੁਕੰਮਲ ਹੋ ਗਈ ਤਾਂ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾਣਗੇ।’’ਜੈਸਵਾਲ ਨੇ ਕਿਹਾ, ‘‘ਕੋਸਟਾ ਰੀਕਾ ਦੇ ਮਾਮਲੇ ’ਚ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਕਿ ਕੁੱਝ ਲੋਕਾਂ ਨੂੰ ਅਮਰੀਕਾ ਤੋਂ ਇੱਥੇ ਭੇਜਿਆ ਗਿਆ ਹੈ ਪਰ ਅਧਿਕਾਰਕ ਤੌਰ ’ਤੇ ਸਾਨੂੰ ਅਜੇ ਤੱਕ ਕੋਸਟਾ ਰੀਕਾ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।’’ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ, ‘‘ਹਾਂ, ਪਨਾਮਾ ਸਰਕਾਰ ਨਾਲ ਗੱਲਬਾਤ ਜਾਰੀ ਹੈ। ਸਾਡੀ ਅੰਬੈਂਸੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ। -ਪੀਟੀਆਈ