DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਨਾਮਾ ਵੱਲੋਂ ਅਤਿਵਾਦ ਖ਼ਿਲਾਫ ਜੰਗ ’ਚ ਭਾਰਤ ਨੂੰ ਹਮਾਇਤ ਦਾ ਭਰੋਸਾ

ਥਰੂਰ ਦੀ ਅਗਵਾਈ ਹੇਠਲੇ ਵਫ਼ਦ ਨੇ ਭਾਰਤ ਦੇ ਅਤਿਵਾਦ ਬਰਦਾਸ਼ਤ ਨਾ ਕਰਨ ਦੇ ਸੁਨੇਹੇ ਤੋਂ ਜਾਣੂ ਕਰਵਾਇਆ
  • fb
  • twitter
  • whatsapp
  • whatsapp
featured-img featured-img
ਪਨਾਮਾ ਦੀ ਨੈਸ਼ਨਲ ਅਸੈਂਬਲੀ ਦੇ ਦੌਰੇ ਮੌਕੇ ਵਿਜ਼ਿਟਰ ਬੁੱਕ ’ਚ ਦਸਤਖ਼ਤ ਕਰਦੇ ਹੋਏ ਸੰਸਦ ਮੈਂਬਰ ਸ਼ਸ਼ੀ ਥਰੂਰ। -ਫੋਟੋ: ਏਐੱਨਆਈ
Advertisement

ਪਨਾਮਾ ਸਿਟੀ, 28 ਮਈ

ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਬ-ਪਾਰਟੀ ਵਫ਼ਦ ਨੇ ਇਥੇ ਨੈਸ਼ਨਲ ਅਸੈਂਬਲੀ ਦੀ ਮੁਖੀ ਡਾਨਾ ਕਾਸਟਾਨੇਡਾ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੇ ਨਵੀਂ ਦਿੱਲੀ ਦੇ ਮਜ਼ਬੂਤ ਸੁਨੇਹੇ ਤੋਂ ਜਾਣੂ ਕਰਵਾਇਆ। ਇਸ ਦੌਰਾਨ ਪਨਾਮਾ ਨੇ ਭਾਰਤ ਨੂੰ ਅਤਿਵਾਦ ਖ਼ਿਲਾਫ਼ ਜੰਗ ’ਚ ਹਮਾਇਤ ਦਾ ਭਰੋਸਾ ਦਿੱਤਾ। ਇਹ ਉਨ੍ਹਾਂ ਸੱਤ ਬਹੁ-ਪਾਰਟੀ ਵਫ਼ਦਾਂ ’ਚੋਂ ਇਕ ਹੈ ਜਿਨ੍ਹਾਂ ਨੂੰ ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਮਗਰੋਂ ਕੌਮਾਂਤਰੀ ਭਾਈਚਾਰੇ ਤੱਕ ਪਹੁੰਚ ਬਣਾਉਣ ਲਈ 33 ਮੁਲਕਾਂ ਦੀਆਂ ਰਾਜਧਾਨੀਆਂ ਦਾ ਦੌਰਾ ਕਰਨ ਦਾ ਕੰਮ ਸੌਂਪਿਆ ਗਿਆ ਹੈ। ਥਰੂਰ ਨੇ ਬੁੱਧਵਾਰ ਸਵੇਰੇ ‘ਐਕਸ’ ’ਤੇ ਕਿਹਾ ਕਿ ਵਫ਼ਦ ਨੇ ਕਾਸਟਾਨੇਡਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨਾਲ ਸੰਸਦ ਦੇ ਸੀਨੀਅਰ ਐਡਵਿਨ ਵਰਵਾਰਾ ਅਤੇ ਜੂਲੀਓ ਡੀ ਲਾ ਗਾਰਡੀਆ ਵੀ ਸਨ। ਥਰੂਰ ਨੇ ਲਿਖਿਆ, ‘‘ਉਨ੍ਹਾਂ ਨੂੰ ਆਪਣੇ ਮਿਸ਼ਨ ਬਾਰੇ ਦੱਸਿਆ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦੀ ਜੰਗ ਨੂੰ ਸਮਝਣ ਤੇ ਹਮਾਇਤ ਦੇਣ ਦਾ ਪੁਖ਼ਤਾ ਭਰੋਸਾ ਮਿਲਿਆ।’’ ਮੰਗਲਵਾਰ ਨੂੰ ਮੁਲਾਕਾਤ ਦੌਰਾਨ ਕਾਂਗਰਸੀ ਸੰਸਦ ਮੈਂਬਰ ਨੇ ਨੈਸ਼ਨਲ ਅਸੈਂਬਲੀ ਦੀ ਮੁਖੀ ਨੂੰ ਕਸ਼ਮੀਰੀ ਸ਼ਾਲ ਭੇਟ ਕੀਤੀ ਜਿਸ ਦੇ ਜਵਾਬ ’ਚ ਉਨ੍ਹਾਂ ਯੋਧਿਆਂ ਨਾਲ ਸਬੰਧਤ ਚਿੰਨ੍ਹ ਭੇਟ ਕੀਤਾ। ਇਸ ਤੋਂ ਪਹਿਲਾਂ ਥਰੂਰ ਨੇ ਵਿਜ਼ਿਟਰ ਬੁੱਕ ’ਚ ਦਸਤਖ਼ਤ ਕੀਤੇ ਅਤੇ ਨੈਸ਼ਨਲ ਅਸੈਂਬਲੀ ਦੇ ਮੁੱਖ ਹਾਲ ਦਾ ਦੌਰਾ ਕੀਤਾ। ਵਫ਼ਦ ਦੇ ਮੈਂਬਰਾਂ ਨੇ ਪਨਾਮਾ ਸਿਟੀ ’ਚ ਭਾਰਤ ਸਭਿਆਚਾਰਕ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਉਥੇ ਮੰਦਰ ’ਚ ਪੂਜਾ ਕੀਤੀ। ਥਰੂਰ ਨੇ ‘ਐਕਸ’ ’ਤੇ ਲਿਖਿਆ, ‘‘ਸਾਡੇ ਮੁਸਲਿਮ ਸਹਿਯੋਗੀ ਸਰਫਰਾਜ਼ ਅਹਿਮਦ ਨੂੰ ਮੰਦਰ ’ਚ ਆਪਣੇ ਹਿੰਦੂ ਅਤੇ ਸਿੱਖ ਸਾਥੀਆਂ ਨਾਲ ਦੇਖਣਾ ਭਾਵੁਕ ਕਰ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸੱਦਣ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਜਾਣ ਵਾਲਿਆਂ ਨੂੰ ਇਤਰਾਜ਼ ਕਿਉਂ ਹੋਵੇਗਾ।’’ ਉਨ੍ਹਾਂ ਪਨਾਮਾ ’ਚ ਭਾਰਤੀ ਫਿਰਕੇ ਦੇ ਮੈਂਬਰਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਪਨਾਮਾ ’ਚ ਭਾਰਤੀ ਫਿਰਕੇ ਦੇ 300 ਵਿਅਕਤੀਆਂ (ਮੁੱਖ ਤੌਰ ’ਤੇ ਗੁਜਰਾਤੀ ਤੇ ਸਿੰਧੀ ਅਤੇ ਕੁਝ ਹੋਰ) ਨਾਲ ਇਕ ਯਾਦਗਾਰ ਸ਼ਾਮ ਸੀ। ਮੈਂ ਆਪਣੇ ਮਿਸ਼ਨ ’ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਹਿਯੋਗੀਆਂ ਨੂੰ ਵੀ ਇਸ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ’ਚੋਂ ਚਾਰ ਨੇ ਜਦੋਂ ਹਿੰਦੀ ’ਚ ਸੰਬੋਧਨ ਕੀਤਾ ਤਾਂ ਖੂਬ ਤਾੜੀਆਂ ਵੱਜੀਆਂ।’’ ਵਫ਼ਦ ’ਚ ਸਰਫਰਾਜ਼ ਅਹਿਮਦ (ਝਾਰਖੰਡ ਮੁਕਤੀ ਮੋਰਚਾ), ਜੀਐੱਮ ਹਰੀਸ਼ ਬਾਲਯੋਗੀ (ਟੀਡੀਪੀ), ਸ਼ਸ਼ਾਂਕ ਮਣੀ ਤ੍ਰਿਪਾਠੀ (ਭਾਜਪਾ), ਭੁਬਨੇਸ਼ਵਰ ਕਾਲਿਤਾ (ਭਾਜਪਾ), ਮਿਲਿੰਦ ਦਿਓੜਾ (ਸ਼ਿਵ ਸੈਨਾ), ਤੇਜਸਵੀ ਸੂਰਿਆ (ਭਾਜਪਾ) ਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਸਫ਼ੀਰ ਤਰਨਜੀਤ ਸਿੰਘ ਸੰਧੂ ਸ਼ਾਮਲ ਹਨ। -ਪੀਟੀਆਈ

Advertisement

ਇੰਡੋਨੇਸ਼ੀਆ ਨੇ ਅਤਿਵਾਦ ਦੀ ਕੀਤੀ ਨਿਖੇਧੀ

ਜਕਾਰਤਾ: ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਨੂੰ ਹਮਾਇਤ ਦਿੱਤੀ ਹੈ। ਇੰਡੋਨੇਸ਼ੀਆ ਨੇ ਇਹ ਹਮਾਇਤ ਉਸ ਸਮੇਂ ਦਿੱਤੀ ਹੈ ਜਦੋਂ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸੰਜੇ ਕੁਮਾਰ ਝਾਅ ਦੀ ਅਗਵਾਈ ਹੇਠ ਇਕ ਸਰਬ-ਪਾਰਟੀ ਵਫ਼ਦ ਅਤਿਵਾਦ ਖ਼ਿਲਾਫ਼ ਨਵੀਂ ਦਿੱਲੀ ਦੇ ਸਪੱਸ਼ਟ ਰੁਖ ਤੋਂ ਜਾਣੂ ਕਰਾਉਣ ਦੇ ਉਦੇਸ਼ ਨਾਲ ਇਥੇ ਪੁੱਜਾ। ਜਕਾਰਤਾ ਸਥਿਤ ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਵਫ਼ਦ ਨੇ ਅੰਤਰ ਸੰਸਦੀ ਸਹਿਯੋਗ ਕਮੇਟੀ ਦੇ ਉਪ ਚੇਅਰਪਰਸਨ ਮੁਹੰਮਦ ਹੁਸੈਨ ਫਦਲੁੱਲਾਹ ਅਤੇ ਇੰਡੋਨੇਸ਼ੀਆ-ਭਾਰਤ ਸੰਸਦੀ ਦੋਸਤੀ ਗਰੁੱਪ ਦੇ ਚੇਅਰਪਰਸਨ ਮੁਹੰਮਦ ਰੋਫਿਕੀ ਨਾਲ ਮੁਲਾਕਾਤ ਕੀਤੀ। ਇੰਡੋਨੇਸ਼ਿਆਈ ਆਗੂਆਂ ਨੇ ਕਿਹਾ ਕਿ ਉਹ ਅਤਿਵਾਦ ਦੀ ਨਿਖੇਧੀ ਕਰਦੇ ਹਨ ਅਤੇ ਮੁਸ਼ਕਲਾਂ ਦੇ ਹੱਲ ਲਈ ਗੱਲਬਾਤ ’ਚ ਭਰੋਸਾ ਕਰਦੇ ਹਨ। -ਪੀਟੀਆਈ

ਦੱਖਣੀ ਅਫ਼ਰੀਕਾ ਦੇ ਲੋਕਾਂ ਨੂੰ ਭਾਰਤ ਨਾਲ ਡਟਣ ਦਾ ਸੱਦਾ

ਜੋਹੈੱਨਸਬਰਗ: ਦੱਖਣੀ ਅਫ਼ਰੀਕਾ ਨੇ ਅਤਿਵਾਦ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਦੀ ਹਮਾਇਤ ਕੀਤੀ ਹੈ। ਭਾਰਤ ਦੇ ਸਰਬ-ਪਾਰਟੀ ਵਫ਼ਦ ਨੇ ਇਥੇ 350 ਤੋਂ ਵੱਧ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਅਤੇ ਪਾਕਿਸਤਾਨ ਨੂੰ ਅਤਿਵਾਦ ਦਾ ਸਪਾਂਸਰ ਦੱਸਿਆ।

ਦੱਖਣੀ ਅਫ਼ਰੀਕਾ ’ਚ ਹਾਈ ਕਮਿਸ਼ਨਰ ਪ੍ਰਭਾਤ ਕੁਮਾਰ ਭਾਰਤੀ ਵਫ਼ਦ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਮੰਗਲਵਾਰ ਸ਼ਾਮ ਨੂੰ ਹੋਏ ਪ੍ਰੋਗਰਾਮ ਦੌਰਾਨ ਵਫ਼ਦ ਨੇ ਦੱਖਣੀ ਅਫ਼ਰੀਕਾ ’ਚ ਭਾਰਤੀ ਨਾਗਰਿਕਾਂ ਅਤੇ ਸਥਾਨਕ ਲੋਕਾਂ ਨੂੰ ਆਲਮੀ ਅਤਿਵਾਦ ਖ਼ਿਲਾਫ਼ ਭਾਰਤ ਦੀ ਜੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਐੱਨਸੀਪੀ (ਐੱਸਪੀ) ਸੰਸਦ ਮੈਂਬਰ ਸੁਪ੍ਰਿਯਾ ਸੂਲੇ ਦੀ ਅਗਵਾਈ ਹੇਠ ਇਥੇ ਪੁੱਜੇ ਵਫ਼ਦ ਨੇ ਪਹਿਲਗਾਮ ਹਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ‘ਅਪਰੇਸ਼ਨ ਸਿੰਧੂਰ’ ਦੇ ਵੇਰਵੇ ਵੀ ਦਿੱਤੇ। ਸੂਲੇ ਨੇ ਇਸ ਗੱਲ ’ਤੇ ਖੁਸ਼ੀ ਜਤਾਈ ਕਿ ਦੱਖਣੀ ਅਫ਼ਰੀਕਾ, ਭਾਰਤ ਨਾਲ ਡਟ ਕੇ ਖੜ੍ਹਾ ਹੈ। -ਪੀਟੀਆਈ

ਅਤਿਵਾਦ ਖ਼ਿਲਾਫ਼ ਦੁਨੀਆ ਇਕਸੁਰ ’ਚ ਆਵਾਜ਼ ਬੁਲੰਦ ਕਰੇ: ਇਟਲੀ

ਰੋਮ: ਸਰਬ-ਪਾਰਟੀ ਵਫ਼ਦ ਨੇ ਅੱਜ ਇਤਾਲਵੀ ਸੈਨੇਟਰ ਸਟੀਫਾਨੀਆ ਕਰੈਕਸੀ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਆਖਿਆ ਕਿ ਅਤਿਵਾਦ ਖ਼ਿਲਾਫ਼ ਦੁਨੀਆ ਨੂੰ ਰਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਆਲਮੀ ਬੁਰਾਈ ਦੇ ਹੱਲ ਲਈ ਭਾਰਤ-ਇਟਲੀ ਸਹਿਯੋਗ ਦੀ ਤਜਵੀਜ਼ ਵੀ ਪੇਸ਼ ਕੀਤੀ।

ਰੋਮ ’ਚ ਇਤਾਲਵੀ ਸੈਨੇਟਰ ਸਟੀਫਾਨੀਆ ਕਰਾਕਸੀ ਨਾਲ ਭਾਰਤੀ ਵਫ਼ਦ। -ਫੋਟੋ: ਪੀਟੀਆਈ

ਭਾਜਪਾ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ਹੇਠਲੇ ਅੱਠ ਮੈਂਬਰ ਵਫ਼ਦ ਨੇ ਸੈਨੇਟ ਦੀ ਵਿਦੇਸ਼ ਮਾਮਲਿਆਂ ਅਤੇ ਰੱਖਿਆ ਕਮੇਟੀ ਦੀ ਮੁਖੀ ਕਰੈਕਸੀ ਨੂੰ ਅਤਿਵਾਦ ਖ਼ਿਲਾਫ਼ ਭਾਰਤ ਦੇ ਸਟੈਂਡ ਦੀ ਜਾਣਕਾਰੀ ਦਿੱਤੀ। ਰੋਮ ’ਚ ਵਫ਼ਦ ਦੇ ਪੁੱਜਣ ਮਗਰੋਂ ਭਾਰਤੀ ਸਫ਼ੀਰ ਵਾਨੀ ਰਾਓ ਨੇ ਉਸ ਦਾ ਸਵਾਗਤ ਕੀਤਾ। ਵਫ਼ਦ ਵੱਲੋਂ ਸੰਸਦ ਮੈਂਬਰਾਂ, ਥਿੰਕ ਟੈਂਕਾਂ, ਮੀਡੀਆ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਕੇ ਅਤਿਵਾਦ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ ਜਾਵੇਗਾ। -ਪੀਟੀਆਈ

Advertisement
×