ਪਾਕਿਸਤਾਨ ਦੇ ਉੱਪ ਪ੍ਰਧਾਨ ਮੰਤਰੀ ਵੱਲੋਂ ਟਰੰਪ ਦਾ ਜੰਗਬੰਦੀ ਬਾਰੇ ਦਾਅਵਾ ਖਾਰਜ
India rejected third-party mediation with Pak during OP Sindoorਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸ਼ਹਾਕ ਡਾਰ ਨੇ ਖੁਲਾਸਾ ਕੀਤਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ਨਾਲ ਦੁਵੱਲੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਤੋਂ ਸਪੱਸ਼ਟ ਤੌਰ ’ਤੇ ਇਨਕਾਰ ਕੀਤਾ ਸੀ। ਉਨ੍ਹਾਂ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵਿਆਂ ਨੂੰ ਵੀ ਖਾਰਜ ਕੀਤਾ।
ਅਲ ਜਜ਼ੀਰਾ ਨਾਲ ਇੱਕ ਇੰਟਰਵਿਊ ਦੌਰਾਨ ਡਾਰ ਨੇ ਕਿਹਾ ਕਿ ਇਸਲਾਮਾਬਾਦ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕੋਲ ਤੀਜੀ ਧਿਰ ਦੀ ਵਿਚੋਲਗੀ ਦਾ ਮੁੱਦਾ ਉਠਾਇਆ ਹੈ, ਜਿਸ ’ਤੇ ਅਮਰੀਕੀ ਅਧਿਕਾਰੀ ਨੇ ਜਵਾਬ ਦਿੱਤਾ ਕਿ ਭਾਰਤ ਕਿਸੇ ਹੋਰ ਹੋਰ ਦੇਸ਼ ਦੀ ਸ਼ਮੂਲੀਅਤ ਦਾ ਸਮਰਥਨ ਨਹੀਂ ਕਰਦਾ।
ਪਾਕਿਸਤਾਨੀ ਮੰਤਰੀ ਨੇ ਇੰਟਰਵਿਊ ਦੌਰਾਨ ਟਰੰਪ ਦੇ ਦੋ ਪਰਮਾਣੂ ਦੇਸ਼ਾਂ ਵਿਚਕਾਰ 10 ਮਈ ਨੂੰ ਜੰਗਬੰਦੀ ਵਿੱਚ ਵਿਚੋਲਗੀ ਕਰਨ ਦੇ ਦਾਅਵਿਆਂ ਸਬੰਧੀ ਰੂਬੀਓ ਨਾਲ ਖਾਸ ਗੱਲਬਾਤ ਦਾ ਵੀ ਜ਼ਿਕਰ ਕੀਤਾ। ਹਾਲਾਂਕਿ 25 ਜੁਲਾਈ ਨੂੰ ਵਾਸ਼ਿੰਗਟਨ ਵਿੱਚ ਇੱਕ ਦੁਵੱਲੀ ਮੀਟਿੰਗ ਦੌਰਾਨ ਡਾਰ ਨੇ ਇਹ ਮਾਮਲਾ ਸਕੱਤਰ ਰੂਬੀਓ ਕੋਲ ਮੁੜ ਚੁੱਕਿਆ ਜਿਨ੍ਹਾਂ ਨੇ ਦੁਹਰਾਇਆ ਕਿ ਭਾਰਤ ਨੇ ਆਪਣਾ ਪਹਿਲਾਂ ਵਾਲਾ ਰੁਖ਼ ਕਾਇਮ ਰੱਖਿਆ ਹੋਇਆ ਹੈ। ਡਾਰ ਨੇ ਕਿਹਾ, ‘ਇਤਫਾਕਨ ਜਦੋਂ ਜੰਗਬੰਦੀ ਦੀ ਪੇਸ਼ਕਸ਼ 10 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਰਾਹੀਂ ਮੇਰੇ ਕੋਲ ਆਈ... ਮੈਨੂੰ ਦੱਸਿਆ ਗਿਆ ਸੀ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਇੱਕ ਸੁਤੰਤਰ ਥਾਂ ’ਤੇ ਗੱਲਬਾਤ ਹੋਵੇਗੀ।’ ਡਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੀਜੀ ਧਿਰ ਦੇ ਇਸ ਮਾਮਲੇ ਵਿਚ ਸ਼ਾਮਲ ਹੋਣ ’ਤੇ ਕੋਈ ਇਤਰਾਜ਼ ਨਹੀਂ ਸੀ ਤੇ ਉਨ੍ਹਾਂ ਨੂੰ ਦੁਵੱਲੀ ਗੱਲਬਾਤ ਬਾਰੇ ਵੀ ਕੋਈ ਇਤਰਾਜ਼ ਨਹੀਂ ਸੀ ਪਰ ਉਨ੍ਹਾਂ ਕਿਹਾ ਸੀ ਕਿ ਗੱਲਬਾਤ ਵਿਚ ਹਰ ਮਸਲਾ ਸ਼ਾਮਲ ਹੋਣਾ ਚਾਹੀਦਾ ਹੈ।