ਆਪ੍ਰੇਸ਼ਨ ਸਿੰਧੂਰ ਮਗਰੋਂ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖਰੀਦ ਚਿੰਤਾ ਦਾ ਵਿਸ਼ਾ; ਚੀਨ ਵੱਡੀ ਚੁਣੌਤੀ: ਜਲਸੈਨਾ ਅਧਿਕਾਰੀ
ਵਾਈਸ ਐਡਮਿਰਲ ਕੇ ਸਵਾਮੀਨਾਥਨ ਨੇ ਕਿਹਾ ਕਿ ਮਈ ਵਿੱਚ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਦੁਨੀਆ ਭਰ ਤੋਂ ਹਥਿਆਰਾਂ ਦੀ ਖਰੀਦ ਫ਼ਿਕਰਮੰਦੀ ਦਾ ਵਿਸ਼ਾ ਹੈ, ਜਦੋਂ ਕਿ ਚੀਨ ਵੀ ਆਪਣੇ ਹਮਲਾਵਰ ਰੁਖ਼ ਕਰਕੇ ਸਥਾਈ ਚੁਣੌਤੀ ਬਣਿਆ ਹੋਇਆ ਹੈ। ਸੀਨੀਅਰ ਅਧਿਕਾਰੀ,...
ਵਾਈਸ ਐਡਮਿਰਲ ਕੇ ਸਵਾਮੀਨਾਥਨ ਨੇ ਕਿਹਾ ਕਿ ਮਈ ਵਿੱਚ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਦੁਨੀਆ ਭਰ ਤੋਂ ਹਥਿਆਰਾਂ ਦੀ ਖਰੀਦ ਫ਼ਿਕਰਮੰਦੀ ਦਾ ਵਿਸ਼ਾ ਹੈ, ਜਦੋਂ ਕਿ ਚੀਨ ਵੀ ਆਪਣੇ ਹਮਲਾਵਰ ਰੁਖ਼ ਕਰਕੇ ਸਥਾਈ ਚੁਣੌਤੀ ਬਣਿਆ ਹੋਇਆ ਹੈ।
ਸੀਨੀਅਰ ਅਧਿਕਾਰੀ, ਜੋ ਮੁੰਬਈ ਸਥਿਤ ਅਹਿਮ ਪੱਛਮੀ ਜਲਸੈਨਾ ਕਮਾਂਡ ਦੇ ਮੁਖੀ ਹਨ, ਨੇ ਕਿਹਾ ਕਿ ਚੀਨੀ ਜਲਸੈਨਾ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਜਲਸੈਨਾ ਬਣ ਗਈ ਹੈ ਅਤੇ ਪਿਛਲੇ ਇਕ ਦਹਾਕੇ ਵਿੱਚ ਭਾਰਤੀ ਜਲ ਸੈਨਾ ਦੇ ਆਕਾਰ ਜਿੰਨਾ ਬੇੜਾ ਜੋੜਿਆ ਹੈ ਅਤੇ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਰਹੀ ਹੈ। ਉਹ ਬੁੱਧਵਾਰ ਨੂੰ ਬ੍ਰਹਮਾ ਰਿਸਰਚ ਫਾਊਂਡੇਸ਼ਨ ਵੱਲੋਂ ਕਰਵਾਈ ਸੁਰੱਖਿਆ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਵਾਈਸ ਐਡਮਿਰਲ ਸਵਾਮੀਨਾਥਨ ਨੇ ਕਿਹਾ ਕਿ ਚੀਨੀ ਜਲਸੈਨਾ ਦੇ ਤੀਜੇ ਏਅਰਕ੍ਰਾਫਟ ਕੈਰੀਅਰ ਫੁਜਿਆਨ ਦੀ ਕਮਿਸ਼ਨਿੰਗ, ਪੰਜਵੀਂ ਅਤੇ ਛੇਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦਾ ਪ੍ਰਦਰਸ਼ਨ, ਕਮਿਊਨਿਸਟ ਮੁਲਕ ਦੇ ਵਿਸ਼ਵਵਿਆਪੀ ਰਣਨੀਤਕ ਬਿਰਤਾਂਤ ਅਤੇ ਸੰਕੇਤ ਦਾ ਹਿੱਸਾ ਹੈ।
ਉਨ੍ਹਾਂ ਕਿਹਾ, ‘‘ਸਾਡੇ ਲਈ ਚਿੰਤਾ ਦੀ ਗੱਲ ਇਹ ਹੈ ਕਿ ਚੀਨ ਨੇ ਹਿੰਦ ਮਹਾਸਾਗਰ ਖੇਤਰ ਵਿਚ 5-8 ਸਮੁੰਦਰੀ ਬੇੜਿਆਂ ਦੀ ਤਾਇਨਾਤੀ ਕੀਤੀ ਹੋਈ ਹੈ।’’ ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਜੰਗੀ ਬੇੜੇ, ਰਿਸਰਚ ਵੈਸਲ, ਉਪਗ੍ਰਹਿ ਟਰੈਕਿੰਗ ਵੈੱਸਲ ਤੇ ਫਿਸ਼ਿੰਗ ਕ੍ਰਾਫ਼ਟ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਚੀਨ ਨਾ ਸਿਰਫ਼ ਦੱਖਣੀ ਚੀਨ ਸਾਗਰ ਬਲਕਿ ਹਿੰਦ ਮਹਾਸਾਗਰ ਖੇਤਰ ਵਿਚ ਵੀ ਵਧੇੇਰੇ ਹਮਲਾਵਰ ਹੁੰਦਾ ਜਾ ਰਿਹਾ ਹੈ। ਇਸ ਲਈ ਚੀਨ ਹਮੇਸ਼ਾ ਸਾਡੇ ਲਈ ਚੁਣੌਤੀ ਬਣਿਆ ਰਹੇਗਾ।’’

