ਪਾਕਿਸਤਾਨ: ਨਾਬਾਲਗ ਹਿੰਦੂ ਲੜਕੀ ਨੂੰ ਅਗ਼ਵਾ ਕਰਕੇ ਜਬਰੀ ਨਿਕਾਹ
ਅਦਾਲਤ ਵੱਲੋਂ ਆਖਰੀ ਫ਼ੈਸਲਾ ਸੁਣਾਏ ਜਾਣ ਤੱਕ ਲਡ਼ਕੀ ਨੂੰ ਸੁਰੱਖਿਅਤ ਥਾਂ ’ਤੇ ਰੱਖਣ ਦੇ ਹੁਕਮ
ਪਾਕਿਸਤਾਨ ਦੇ ਸਿੰਧ ਸੂਬੇ ’ਚ 15 ਵਰ੍ਹਿਆਂ ਦੀ ਹਿੰਦੂ ਲੜਕੀ ਨੂੰ ਅਗ਼ਵਾ ਕਰਕੇ ਉਸ ਨਾਲ ਜਬਰ-ਜਨਾਹ ਕੀਤਾ ਗਿਆ ਅਤੇ ਫਿਰ ਇਸਲਾਮ ਕਬੂਲ ਕਰਵਾ ਕੇ ਜਬਰੀ ਬਜ਼ੁਰਗ ਨਾਲ ਨਿਕਾਹ ਕਰ ਦਿੱਤਾ ਗਿਆ। ਲੜਕੀ ਨੇ ਮੀਰਪੁਰਖਾਸ ਜ਼ਿਲ੍ਹੇ ਦੀ ਸੈਸ਼ਨ ਅਦਾਲਤ ’ਚ ਵੀਰਵਾਰ ਨੂੰ ਪੇਸ਼ ਹੋ ਕੇ ਆਪਣੀ ਦਾਸਤਾਨ ਸੁਣਾਈ ਅਤੇ ਅਪੀਲ ਕੀਤੀ ਕਿ ਉਸ ਨੂੰ ਆਪਣੇ ਪਰਿਵਾਰ ਕੋਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਖਰੀ ਫ਼ੈਸਲਾ ਸੁਣਾਏ ਜਾਣ ਤੱਕ ਲੜਕੀ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਰੱਖਿਆ ਜਾਵੇ। ਅਦਾਲਤ ਨੇ ਨਿਕਾਹ ਪੜ੍ਹਾਉਣ ਵਾਲੇ ਕਾਜ਼ੀ ਅਤੇ ਦੋ ਗਵਾਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ ਜਦਕਿ ਮੁੱਖ ਮੁਲਜ਼ਮ ਹਾਲੇ ਵੀ ਫ਼ਰਾਰ ਹੈ। ਲੜਕੀ ਦੀ ਮਾਂ ਨਿਰਮਲ ਮੇਘਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਧੀ ਨੂੰ ਪਿਛਲੇ ਮਹੀਨੇ ਘਰ ਦੇ ਬਾਹਰੋਂ ਅਗ਼ਵਾ ਕੀਤਾ ਗਿਆ ਸੀ। ਧੀ ਦੀ ਉਮਰ ਨਾ ਦੱਸਣ ਲਈ ਪਰਿਵਾਰ ’ਤੇ ਦਬਾਅ ਪਾਇਆ ਗਿਆ। ਉਸ ਨੇ ਦੱਸਿਆ ਕਿ ਕੇਸ ਦੀ ਪਿਛਲੀ ਸੁਣਵਾਈ ਦੌਰਾਨ ਅਗ਼ਵਾਕਾਰਾਂ ਨੇ ਅਦਾਲਤ ਦੇ ਬਾਹਰ ਉਨ੍ਹਾਂ ’ਤੇ ਹਮਲਾ ਕੀਤਾ ਸੀ ਪਰ ਉਹ ਹੌਸਲਾ ਕਰਕੇ ਜੱਜ ਅੱਗੇ ਪੇਸ਼ ਹੋਏ ਅਤੇ ਸਾਰੀ ਸਚਾਈ ਦੱਸ ਦਿੱਤੀ। ਸਿੰਧ ’ਚ ਹਿੰਦੂਆਂ ਦੀ ਨੁਮਾਇੰਦਗੀ ਕਰਨ ਵਾਲੇ ਸਮਾਜ ਸੇਵਕ ਸ਼ਿਵਾ ਨੇ ਕਿਹਾ ਕਿ ਅਗ਼ਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਇਲਾਕੇ ’ਚ ਬੀਤੇ ਇਕ ਮਹੀਨੇ ਦੌਰਾਨ ਇਹ ਚੌਥਾ ਮਾਮਲਾ ਹੈ। ‘ਔਰਤ ਫਾਊਂਡੇਸ਼ਨ’ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਦਾਜ਼ਿਆਂ ਮੁਤਾਬਕ ਘੱਟਗਿਣਤੀ ਭਾਈਚਾਰਿਆਂ ਹਿੰਦੂਆਂ ਤੇ ਇਸਾਈਆਂ ਦੀਆਂ ਹਜ਼ਾਰ ਲੜਕੀਆਂ ਨੂੰ ਸਿੰਧ ’ਚ ਹਰ ਸਾਲ ਅਗ਼ਵਾ ਕਰ ਕੇ ਜਬਰੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ।