ਪਾਕਿਸਤਾਨ ਯੂ ਐੱਨ ਏਜੰਡੇ ਦੀ ਉਲੰਘਣਾ ਕਰ ਰਿਹੈ: ਦੂਬੇ
ਭਾਰਤ ਤੇ ਅਫ਼ਗਾਨਿਸਤਾਨ ਦੇ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੀ ਆਲੋਚਨਾ
ਭਾਜਪਾ ਆਗੂ ਨਿਸ਼ੀਕਾਂਤ ਦੂਬੇ ਨੇ ਅਫ਼ਗਾਨਿਸਤਾਨ ਤੇ ਭਾਰਤ ’ਚ ਸਕੂਲਾਂ ਤੇ ਵਿਦਿਆਰਥੀਆਂ ਨੂੰ ਨਿਸ਼ਾਨ ਬਣਾ ਕੇ ਸੰਯੁਕਤ ਰਾਸ਼ਟਰ ਦੇ ਬਾਲ ਤੇ ਹਥਿਆਰਬੰਦ ਸੰਘਰਸ਼ (ਸੀ ਏ ਸੀ) ਏਜੰਡੇ ਦੀ ਉਲੰਘਣਾ ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ।
ਸ੍ਰੀ ਦੂਬੇ ਨੇ ਸੰਯੁਕਤ ਰਾਸ਼ਟਰ ਆਮ ਸਭਾ (ਯੂ ਐੱਨ ਜੀ ਏ) ’ਚ ਬਾਲ ਅਧਿਕਾਰਾਂ ਬਾਰੇ ਸੈਸ਼ਨ ਦੌਰਾਨ ਭਾਰਤ ਵੱਲੋਂ ਸੰਬੋਧਨ ਕੀਤਾ।
ਉਨ੍ਹਾਂ ਬਾਲ ਹੈਲਪਲਾਈਨ ਜਿਹੀਆਂ ਪਹਿਲਕਦਮੀਆਂ ਤੇ ਬਾਲ ਤਸਕਰੀ ਨਾਲ ਨਜਿੱਠਣ ਲਈ ਚੁੱਕੇ ਗਏ ਨਵੀਂ ਦਿੱਲੀ ਦੇ ਕਦਮਾਂ ਨੂੰ ਮਾਨਤਾ ਦੇਣ ਲਈ ਮੈਂਬਰ ਮੁਲਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਪਾਕਿਸਤਾਨ ਵੱਲੋਂ ਆਪਣੀਆਂ ਹੱਦਾਂ ਅੰਦਰ ਬੱਚਿਆਂ ਖ਼ਿਲਾਫ਼ ਗੰਭੀਰ ਦੁਰਵਿਹਾਰਾਂ ਅਤੇ ਨਾਲ ਹੀ ਚੱਲ ਰਹੇ ਸਰਹੱਦ ਪਾਰੋਂ ਅਤਿਵਾਦ ਤੋਂ ਦੁਨੀਆ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਦੀ ਕਰੜੀ ਨਿੰਦਾ ਕਰਦੇ ਹਾਂ।’’ ਯੂ ਐੱਨ ਜੀ ਏ ’ਚ ਸੰਸਦੀ ਵਫ਼ਦ ਦੀ ਅਗਵਾਈ ਕਰ ਰਹੇ ਸ੍ਰੀ ਦੂਬੇ ਨੇ ਕਿਹਾ ਕਿ ਅਫ਼ਗਾਨਿਸਤਾਨ ਸਰਹੱਦ ਨੇੜਲੇ ਇਲਾਕਿਆਂ ’ਚ ਪਾਕਿਸਤਾਨੀ ਸੈਨਾ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਕਈ ਅਫਗਾਨ ਬੱਚੇ ਜ਼ਖ਼ਮੀ ਹੋਏ ਹਨ ਜਾਂ ਮਾਰੇ ਗਏ ਹਨ।