ਪਾਕਿ ਆਪਣੇ ਹੀ ਲੋਕਾਂ ’ਤੇ ਬੰਬਾਰੀ ਅਤੇ ਯੋਜਨਾਬੱਧ ਨਸਲਕੁਸ਼ੀ ਕਰਦਾ ਹੈ: ਭਾਰਤ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਪਾਕਿਸਤਾਨ ਕਰਾਰਾ ਜਵਾਬ
ਰਾਜਦੂਤ ਹਰੀਸ਼ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਨੇ 1971 ਵਿੱਚ 'ਅਪਰੇਸ਼ਨ ਸਰਚਲਾਈਟ' ਕਿਵੇਂ ਚਲਾਇਆ ਸੀ, ਜਿਸ ਵਿੱਚ ਪਾਕਿਸਤਾਨ ਦੀ ਆਪਣੀ ਫ਼ੌਜ ਵੱਲੋਂ 4,00,000 ਔਰਤ ਨਾਗਰਿਕਾਂ ਨਾਲ ਨਸਲਕੁਸ਼ੀ ਭਰਿਆ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਪਾਕਿਸਤਾਨ ਦੇ ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਕਿਹਾ ਕਿ ਪਾਕਿਸਤਾਨ ਅਤਿਕਥਨੀ ਰਾਹੀਂ ਦੁਨੀਆ ਦਾ ਧਿਆਨ ਭਟਕਾਉਂਦਾ ਹੈ।
ਭਾਰਤ ਦਾ ਜਵਾਬ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਮਿਸ਼ਨ ਦੀ ਕੌਂਸਲਰ ਸਾਇਮਾ ਸਲੀਮ ਦੀਆਂ ਟਿੱਪਣੀਆਂ ’ਤੇ ਆਇਆ ਹੈ।
ਔਰਤਾਂ, ਸ਼ਾਂਤੀ ਅਤੇ ਸੁਰੱਖਿਆ ’ਤੇ ਯੂ ਐੱਨ ਐਸ ਸੀ ਦੀ ਬਹਿਸ ਮਤੇ 1325 ਦੇ 25 ਸਾਲ ਪੂਰੇ ਹੋਣ 'ਤੇ ਆਯੋਜਿਤ ਕੀਤੀ ਗਈ ਸੀ। ਇਹ ਯੂ ਐੱਨ ਮਤਾ ਸਾਲ 2000 ਵਿੱਚ ਅਪਣਾਇਆ ਗਿਆ ਸੀ ਅਤੇ ਔਰਤਾਂ ਅਤੇ ਕੁੜੀਆਂ ’ਤੇ ਹਥਿਆਰਬੰਦ ਸੰਘਰਸ਼ਾਂ ਦੇ ਅਸਮਾਨ ਅਤੇ ਵਿਲੱਖਣ ਪ੍ਰਭਾਵ ਨੂੰ ਦਰਸਾਉਂਦਾ ਹੈ।
ਇਹ ਮਤਾ ਮੁੱਖ ਤੌਰ 'ਤੇ ਔਰਤਾਂ ਦੇ ਅਧਿਕਾਰਾਂ ਦੀ ਕਿਸੇ ਵੀ ਉਲੰਘਣਾ ਦੀ ਰੋਕਥਾਮ 'ਤੇ ਕੇਂਦਰਿਤ ਹੈ। -ਏਐੱਨਆਈ