ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ, ਜਿਸ ਵਿੱਚ ਤਿੰਨ ਕ੍ਰਿਕਟਰਾਂ ਸਮੇਤ ਅੱਧੀ ਦਰਜਨ ਤੋਂ ਵੱਧ ਅਫ਼ਗਾਨ ਨਾਗਰਿਕ ਮਾਰੇ ਗਏ। ਹਮਲੇ ਉਸ ਸਮੇਂ ਹੋਏ ਜਦੋਂ ਕਤਰ ਸਰਕਾਰ ਦੀ ਵਿਚੋਲਗੀ ਦੇ ਯਤਨਾਂ ਨਾਲ ਦੋਵਾਂ ਦੇਸ਼ਾਂ ਦੇ ਨੁਮਾਇੰਦੇ ਗੱਲਬਾਤ ਲਈ ਦੋਹਾ ਪਹੁੰਚ ਰਹੇ ਹਨ। ਜੰਗਬੰਦੀ ਮਗਰੋਂ ਦੋਵਾਂ ਧਿਰਾਂ ਨੇ ਅਸਥਾਈ ਤੌਰ ’ਤੇ ਹਮਲੇ ਰੋਕ ਦਿੱਤੇ ਸਨ। ਇਸ ਹਮਲੇ ਨਾਲ ਦੋਹਾ ਵਿੱਚ ਹੋਣ ਵਾਲੀ ਸੰਭਾਵੀ ਗੱਲਬਾਤ ’ਤੇ ਖ਼ਤਰਾ ਮੰਡਰਾ ਰਿਹਾ ਹੈ।
‘ਡਾਅਨ’ ਅਖ਼ਬਾਰ ਨੇ ਅੱਜ ਰਿਪੋਰਟ ਵਿੱਚ ਕਿਹਾ ਕਿ ਉੱਤਰੀ ਵਜ਼ੀਰਿਸਤਾਨ ਵਿੱਚ ਇਹ ਹਮਲੇ ਅਤਿਵਾਦੀਆਂ ਵੱਲੋਂ ਫੌਜੀ ਟਿਕਾਣੇ ’ਤੇ ਹਮਲੇ ਮਗਰੋਂ ਕੀਤੇ ਗਏ। ਇਸਲਾਮਾਬਾਦ ਤੇ ਕਾਬੁਲ ਵੱਲੋਂ ਜੰਗਬੰਦੀ ਨੂੰ ਦੋ ਦਿਨ ਵਧਾਉਣ ਤੋਂ ਕੁਝ ਸਮੇਂ ਮਗਰੋਂ ਇਹ ਹਮਲੇ ਹੋਏ ਹਨ; ਹਾਲਾਂਕਿ ਇਸ ਸਬੰਧੀ ਪਾਕਿਸਤਾਨੀ ਫੌਜ ਵੱਲੋਂ ਕੋਈ ਬਿਆਨ ਨਹੀਂ ਆਇਆ, ਪਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ ) ਦੇ ਹਾਫਿਜ਼ ਗੁਲ ਬਹਾਦਰ ਸਮੂਹ ਨੇ ਮੀਰ ਅਲੀ ਦੇ ਖੱਡੀ ਕਿਲ੍ਹੇ ’ਤੇ ਸ਼ੁੱਕਰਵਾਰ ਤੜਕੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਸਾਰੇ ਚਾਰ ਹਮਲਾਵਰਾਂ ਨੂੰ ਖਤਮ ਕਰ ਕੇ ਹਮਲੇ ਨੂੰ ਨਾਕਾਮ ਕਰ ਦਿੱਤਾ। ਅਖਬਾਰ ਨੇ ਦੱਸਿਆ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਦੇਰ ਰਾਤ ਅੰਗੂਰ ਅੱਡਾ ਖੇਤਰ ਅਤੇ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਉਰਗੁਨ ਅਤੇ ਬਰਮਲ ਜ਼ਿਲ੍ਹਿਆਂ ਵਿੱਚ ਵੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਕਥਿਤ ਤੌਰ ’ਤੇ ਦਰਜਨਾਂ ਲੜਾਕੇ ਮਾਰੇ ਗਏ।
ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ ਸੀ ਬੀ) ਨੇ ਦਾਅਵਾ ਕੀਤਾ ਕਿ ਪਕਤਿਕਾ ਸੂਬੇ ਵਿੱਚ ਹੋਏ ਹਮਲੇ ਵਿੱਚ ਉਰਗੁਨ ਜ਼ਿਲ੍ਹੇ ਦੇ ਤਿੰਨ ਕ੍ਰਿਕਟਰ (ਕਬੀਰ, ਸਿਬਗ਼ਾਤੁੱਲਾ ਅਤੇ ਹਾਰੂਨ) ਨਾਲ ਪੰਜ ਹੋਰ ਨਾਗਰਿਕ ਮਾਰੇ ਗਏ; ਸੱਤ ਹੋਰ ਜ਼ਖ਼ਮੀ ਹੋ ਗਏ।
ਪਾਕਿ-ਅਫ਼ਗਾਨਿਸਤਾਨ ਟਕਰਾਅ ਖ਼ਤਮ ਕਰਨਾ ਮੇਰੇ ਲਈ ਸੌਖਾ: ਟਰੰਪ
ਵਾਸ਼ਿੰਗਟਨ: ਅਫ਼ਗਾਨਿਸਤਾਨ ਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਜੇ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਖ਼ਤਮ ਕਰਨਾ ਪਿਆ ਤਾਂ ਉਸ ਲਈ ਇਹ ‘ਸੌਖਾ’ ਕੰਮ ਹੋਵੇਗਾ। -ਪੀਟੀਆਈ
ਅਫ਼ਗਾਨਿਸਤਾਨ ਦੇ ਖਿਡਾਰੀਆਂ ਦੀ ਮੌਤ ਕ੍ਰਿਕਟ ਜਗਤ ਲਈ ਤ੍ਰਾਸਦੀ: ਸ਼ਾਹ
ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੇ ਪ੍ਰਧਾਨ ਜੈ ਸ਼ਾਹ ਨੇ ਅੱਜ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਅਰਗੁਨ ਤੇ ਬਰਮਲ ਜ਼ਿਲ੍ਹਿਆਂ ’ਚ ਹਵਾਈ ਹਮਲਿਆਂ ਦੌਰਾਨ ਅਫ਼ਗਾਨਿਸਤਾਨ ਦੇ ਤਿੰਨ ਉੱਭਰਦੇ ਕ੍ਰਿਕਟਰਾਂ ਦੀ ਮੌਤ ’ਤੇ ਦੁੱਖ ਜਤਾਇਆ ਹੈ। ਸ਼ਾਹ ਨੇ ਐਕਸ ’ਤੇ ਕਿਹਾ, ‘‘ਅਫ਼ਗਾਨਿਸਤਾਨ ਦੇ ਤਿੰਨ ਨੌਜਵਾਨ ਕ੍ਰਿਕਟਰਾਂ ਕਬੀਰ ਆਗਾ, ਸਿਬਗਤਉੱਲ੍ਹਾ ਤੇ ਹਾਰੂਨ ਦੀ ਮੌਤ ਤੋਂ ਬੇਹੱਦ ਦੁੁਖੀ ਹਾਂ। ਇਨ੍ਹਾਂ ਖਿਡਾਰੀਆਂ ਦੇ ਸੁਫ਼ਨੇ ਹਿੰਸਕ ਕਾਰਵਾਈਆਂ ਕਾਰਨ ਟੁੱਟ ਗਏ। ਹੋਣਹਾਰ ਕ੍ਰਿਕਟਰਾਂ ਦਾ ਵਿਛੋੜਾ ਸਿਰਫ ਅਫ਼ਗਾਨਿਸਤਾਨ ਹੀ ਨਹੀਂ ਬਲਕਿ ਪੂਰੇ ਕ੍ਰਿਕਟ ਜਗਤ ਲਈ ਇੱਕ ਤ੍ਰਾਸਦੀ ਹੈ। ਅਸੀਂ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਤੇ ਪੀੜਤਾਂ ਦੇ ਨਾਲ ਖੜ੍ਹੇ ਹਾਂ।’’ -ਪੀ ਟੀ ਆਈ
ਪਾਕਿਸਤਾਨ ’ਚ ਤਿਕੋਣੀ ਟੀ-20 ਕ੍ਰਿਕਟ ਲੜੀ ਨਹੀਂ ਖੇਡੇਗਾ ਅਫ਼ਗਾਨਿਸਤਾਨ
ਇਸਲਾਮਾਬਾਦ: ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ ਸੀ ਬੀ) ਨੇ ਸ਼ੁੱਕਰਵਾਰ ਨੂੰ ਦੱਖਣ-ਪੂਰਬੀ ਪਕਤਿਕਾ ਸੂਬੇ ’ਚ ਪਾਕਿਸਤਾਨੀ ਫੌਜ ਦੇ ਹਮਲਿਆਂ ’ਚ ਸਥਾਨਕ ਤਿੰਨ ਕ੍ਰਿਕਟਰਾਂ ਦੀ ਮੌਤ ਦਾ ਦਾਅਵਾ ਕਰਦਿਆਂ ਅਗਲੇ ਮਹੀਨੇ ਪਾਕਿਸਤਾਨ ’ਚ ਹੋਣ ਵਾਲੀ ਤਿਕੋਣੀ ਟੀ-20 ਕ੍ਰਿਕਟ ਲੜੀ ’ਚੋਂ ਆਪਣੀ ਕੌਮੀ ਟੀਮ ਦਾ ਨਾਮ ਵਾਪਸ ਲੈ ਲਿਆ ਹੈ। ਏ ਸੀ ਬੀ ਅੱਜ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਕ੍ਰਿਕਟਰਾਂ ਨੂੰ ਉਰਗੁਨ ਜ਼ਿਲ੍ਹੇ ਵਿੱਚ ‘ਇਕੱਠ ਦੌਰਾਨ ਨਿਸ਼ਾਨਾ ਬਣਾਇਆ’ ਗਿਆ, ਜਦੋਂ ਉਹ ਪਕਤਿਕਾ ਸੂਬੇ ਦੀ ਰਾਜਧਾਨੀ ਸ਼ਰਾਨਾ ਵਿੱਚ ਦੋਸਤਾਨਾ ਕ੍ਰਿਕਟ ਮੈਚ ਖੇਡਣ ਮਗਰੋਂ ਘਰ ਪਰਤ ਰਹੇ ਸਨ। ਕ੍ਰਿਕਟ ਬੋਰਡ ਨੇ ਕਿਹਾ, ‘‘ਏ ਸੀ ਬੀ ਇਸ ਨੂੰ ਅਫ਼ਗਾਨਿਸਤਾਨ ਦੇ ਖੇਡ ਭਾਈਚਾਰੇ, ਉਸ ਦੇ ਖਿਡਾਰੀਆਂ ਦੇ ਕ੍ਰਿਕਟ ਪਰਿਵਾਰ ਲਈ ਵੱਡਾ ਘਾਟਾ ਮੰਨਦਾ ਹੈ। ਇਸ ਮੰਦਭਾਗੀ ਘਟਨਾ ਮਗਰੋਂ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਅਗਾਮੀ ਟੀ-20 ਲੜੀ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ।’’ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਤਿਕੋਣੀ ਲੜੀ 17 ਤੋਂ 29 ਨਵੰਬਰ ਤੱਕ ਰਾਵਲਪਿੰਡੀ ਤੇ ਲਾਹੌਰ ’ਚ ਹੋਣੀ ਸੀ। -ਏਪੀ
ਪਾਕਿਸਤਾਨ ਵੱਲੋਂ ਅਫ਼ਗਾਨ ਸਰਹੱਦ ’ਤੇ 1200 ਤੋਂ ਵੱਧ ਵਾਰ ਉਲੰਘਣ
ਨਵੀਂ ਦਿੱਲੀ: ਪਾਕਿਸਤਾਨ ਦੀ ਫੌਜ ਨੇ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ’ਤੇ ਪਿਛਲੇ ਚਾਰ ਸਾਲਾਂ ਦੌਰਾਨ 1200 ਤੋਂ ਵੱਧ ਵਾਰ ਉਲੰਘਣਾ ਕੀਤੀ ਹੈ ਅਤੇ 710 ਤੋਂ ਵੱਧ ਮੌਕਿਆਂ ’ਤੇ ਹਵਾਈ ਖੇਤਰ ’ਚ ਵੀ ਸੰਨ੍ਹ ਲਾਈ ਹੈ। ਇਹ ਜਾਣਕਾਰੀ ਅੱਜ ਅਫ਼ਗਾਨ ਸੂਤਰਾਂ ਨੇ ਦਿੱਤੀ। ਪਾਕਿ-ਅਫ਼ਗਾਨ ਸਰਹੱਦ ’ਤੇ ਤਾਜ਼ਾ ਟਕਰਾਅ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾ ਦਿੱਤਾ ਹੈ। ਪਿਛਲੇ ਹਫ਼ਤੇ ਕਾਬੁਲ ’ਤੇ ਪਾਕਿਸਤਾਨੀ ਹਵਾਈ ਹਮਲੇ ਮਗਰੋਂ ਫੌਜੀ ਝੜਪਾਂ ਸ਼ੁਰੂ ਹੋਈਆਂ ਹਨ। ਪਕਤਿਕਾ ਸੂਬੇ ਵਿੱਚ ਕਥਿਤ ਤੌਰ ’ਤੇ ਪਾਕਿਸਤਾਨੀ ਹਵਾਈ ਹਮਲੇ ਵਿੱਚ ਘੱਟੋ-ਘੱਟ ਅਫ਼ਗਾਨ ਕ੍ਰਿਕਟਰਾਂ ਦੇ ਮਾਰੇ ਜਾਣ ਮਗਰੋਂ ਤਣਾਅ ਕਾਫ਼ੀ ਵਧ ਗਿਆ ਹੈ। ਅਫ਼ਗਾਨ ਸੂਤਰਾਂ ਨੇ ਪਾਕਿਸਤਾਨੀ ਕਾਰਵਾਈਆਂ ਦੇ ਪਿਛਲੇ ਚਾਰ ਸਾਲਾਂ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪਾਕਿਸਤਾਨੀ ਫ਼ੌਜਾਂ ਨੇ ਸਰਹੱਦ ’ਤੇ 1200 ਤੋਂ ਵੱਧ ਵਾਰ ਉਲੰਘਣਾ ਕਰਦਿਆਂ ਗੋਲੀਬਾਰੀ ਦੌਰਾਨ ਮੋਰਟਾਰ ਵੀ ਦਾਗ਼ੇ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਮੱਦੇਨਜ਼ਰ 2024 ਦੇ ਸ਼ੁਰੂ ਤੋਂ ਹੁਣ ਤੱਕ 102 ਨਾਗਰਿਕ ਤੇ ਅਫ਼ਗਾਨ ਸੈਨਿਕ ਮਾਰੇ ਗਏ ਅਤੇ 139 ਹੋਰ ਜ਼ਖ਼ਮੀ ਹੋਏ ਹਨ। -ਪੀਟੀਆਈ