‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨੀ ਫੌਜ ਨੇ ਜੰਗਬੰਦੀ ਲਈ ਕੀਤੀ ਸੀ ਅਪੀਲ: ਭਾਰਤ
ਭਾਰਤ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਧੂਰ' ਦੌਰਾਨ ਪਾਕਿਸਤਾਨੀ ਫੌਜ ਨੇ ਜੰਗਬੰਦੀ ਲਈ ਉਸ ਅੱਗੇ ਅਪੀਲ ਕੀਤੀ ਸੀ ਅਤੇ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਮੁੱਦੇ ’ਤੇ ਕਿਸੇ ਤੀਜੀ ਧਿਰ ਦੇ ਦਖ਼ਲ ਲਈ ਕੋਈ ਥਾਂ ਨਹੀਂ ਹੈ। ਇਹ ਟਿੱਪਣੀ ਸ਼ੁੱਕਰਵਾਰ ਨੂੰ...
ਭਾਰਤ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਧੂਰ' ਦੌਰਾਨ ਪਾਕਿਸਤਾਨੀ ਫੌਜ ਨੇ ਜੰਗਬੰਦੀ ਲਈ ਉਸ ਅੱਗੇ ਅਪੀਲ ਕੀਤੀ ਸੀ ਅਤੇ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਮੁੱਦੇ ’ਤੇ ਕਿਸੇ ਤੀਜੀ ਧਿਰ ਦੇ ਦਖ਼ਲ ਲਈ ਕੋਈ ਥਾਂ ਨਹੀਂ ਹੈ।
ਇਹ ਟਿੱਪਣੀ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਕੀਤੀ। ਇਹ ਟਿੱਪਣੀ ਉਸ ਸਮੇਂ ਆਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 80ਵੇਂ ਸੈਸ਼ਨ ਦੀ ਆਮ ਬਹਿਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋਵੇਂ ਪ੍ਰਮਾਣੂ ਹਥਿਆਰਾਂ ਵਾਲੇ ਗੁਆਂਢੀਆਂ ਵਿਚਕਾਰ ਜੰਗ ਟਾਲਣ ਦਾ ਸਿਹਰਾ ਦਿੱਤਾ ਸੀ।
ਗਹਿਲੋਤ ਨੇ UNGA ਵਿੱਚ ਭਾਰਤ ਦੇ ਜਵਾਬ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕਿਹਾ, ‘‘ਇਸ ਅਸੈਂਬਲੀ ਨੇ ਸਵੇਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਅਜੀਬ ਨਾਟਕ ਦੇਖਿਆ, ਜਿਸ ਨੇ ਇੱਕ ਵਾਰ ਫਿਰ ਅਤਿਵਾਦ ਦਾ ਗੁਣਗਾਨ ਕੀਤਾ ਜੋ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਕੇਂਦਰੀ ਹਿੱਸਾ ਹੈ।’’
ਆਪਣੇ ਸੰਬੋਧਨ ਵਿੱਚ ਸ਼ਰੀਫ਼ ਨੇ ਕਸ਼ਮੀਰ ਦੀ ਸਥਿਤੀ 'ਤੇ ਨਵੀਂ ਦਿੱਲੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਸਾਰੇ ਬਕਾਇਆ ਮੁੱਦਿਆਂ ’ਤੇ ਭਾਰਤ ਨਾਲ ਸੰਯੁਕਤ, ਵਿਆਪਕ ਅਤੇ ਨਤੀਜਾ-ਮੁਖੀ ਗੱਲਬਾਤ ਲਈ ਤਿਆਰ ਹੈ।
ਸ਼ਰੀਫ਼ ਨੇ ਟਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਂਤੀ ਲਈ ਯਤਨਾਂ ਨੇ ਦੱਖਣੀ ਏਸ਼ੀਆ ਵਿੱਚ ਜੰਗ ਨੂੰ ਟਾਲਣ ਵਿੱਚ ਮਦਦ ਕੀਤੀ।
ਉਨ੍ਹਾਂ ਕਿਹਾ, ‘‘ਸਾਡੇ ਸੰਸਾਰ ਦੇ ਇਸ ਹਿੱਸੇ ਵਿੱਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰਪਤੀ ਟਰੰਪ ਦੇ ਸ਼ਾਨਦਾਰ ਅਤੇ ਬੇਮਿਸਾਲ ਯੋਗਦਾਨ ਦੀ ਮਾਨਤਾ ਵਜੋਂ, ਪਾਕਿਸਤਾਨ ਨੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ। ਇਹ ਘੱਟੋ-ਘੱਟ ਸੀ ਜੋ ਅਸੀਂ ਕਰ ਸਕਦੇ ਸੀ ... ਮੈਨੂੰ ਲੱਗਦਾ ਹੈ ਕਿ ਉਹ ਸੱਚਮੁੱਚ ਸ਼ਾਂਤੀ ਦੇ ਪੁਜਾਰੀ ਹਨ।’’
ਪਹਿਲਗਾਮ ਅਤਿਵਾਦੀ ਹਮਲੇ ਦੇ ਸਬੰਧੀ ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਟਕਰਾਅ ਖਤਮ ਕਰਨ ਦੀ ਸਹਿਮਤੀ ਦੋਵਾਂ ਫੌਜਾਂ ਦੀਆਂ ਫੌਜੀ ਕਾਰਵਾਈਆਂ ਦੇ ਡਾਇਰੈਕਟਰ ਜਨਰਲਾਂ (DGMOs) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਹੋਈ ਸੀ।