ਵਾਸ਼ਿੰਗਟਨ ਡੀਸੀ ਵਿਚ ‘ਕੁਆਡ’ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਜੈਸ਼ੰਕਰ
ਨਿਊ ਯਾਰਕ, 1 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲਾ ਆਰਥਿਕ ਜੰਗ ਸੀ, ਜਿਸ ਦਾ ਮਕਸਦ ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਤਬਾਹ ਕਰਨਾ ਸੀ। ਜੈਸ਼ੰਕਰ ਨੇ ਜ਼ੋਰ ਦੇ ਕੇ ਆਖਿਆ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅਤਿਵਾਦ ਦਾ ਜਵਾਬ ਦੇਣ ਤੋਂ ਰੋਕਣ ਲਈ ਪਰਮਾਣੂ ਬਲੈਕਮੇਲ ਦੀ ਇਜਾਜ਼ਤ ਨਹੀਂ ਦੇਵੇਗਾ।
ਜੈਸ਼ੰਕਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਭਾਰਤ ਵਿਚ ਲੜੀਵਾਰ ਕਈ ਦਹਿਸ਼ਤੀ ਹਮਲੇ ਹੋਏ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਸਰਪ੍ਰਸਤੀ ਸੀ ਅਤੇ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਦੇਸ਼ ਵਿੱਚ ਇੱਕ ਭਾਵਨਾ ਸੀ ਕਿ ‘ਬੱਸ ਹੁਣ ਬਹੁਤ ਹੋ ਗਿਆ।’’ ਜੈਸ਼ੰਕਰ ਮੈਨਹਟਨ ਵਿੱਚ 9/11 ਮੈਮੋਰੀਅਲ ਨੇੜੇ ਵਨ ਵਰਲਡ ਟਰੇਡ ਸੈਂਟਰ ਵਿਖੇ ਨਿਊਜ਼ਵੀਕ ਦੇ ਦਫ਼ਤਰ ਵਿਚ ਉਨ੍ਹਾਂ ਦੇ ਸੀਈਓ ਦੇਵ ਪ੍ਰਗਦ ਨਾਲ ਗੱਲਬਾਤ ਕਰ ਰਹੇ ਸਨ।
ਜੈਸ਼ੰਕਰ ਨੇ ਕਿਹਾ ਕਿ ਪਹਿਲਗਾਮ ਹਮਲਾ ‘ਆਰਥਿਕ ਜੰਗ’ ਸੀ। ਇਸ ਦਾ ਮਕਸਦ ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਤਬਾਹ ਕਰਨਾ ਸੀ, ਜੋ ਕਿ ਅਰਥਚਾਰੇ ਦਾ ਮੁੱਖ ਅਧਾਰ ਸੀ। ਇਸ ਦਾ ਉਦੇਸ਼ ਧਾਰਮਿਕ ਹਿੰਸਾ ਨੂੰ ਭੜਕਾਉਣਾ ਵੀ ਸੀ ਕਿਉਂਕਿ ਲੋਕਾਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਅਕੀਦੇ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਕਿਹਾ, ‘‘ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਦਹਿਸ਼ਤਗਰਦਾਂ ਨੂੰ ਸਜ਼ਾ ਦੇ ਕੇ ਰਹਾਂਗੇ। ਇਹ ਵਿਚਾਰ ਕਿ ਉਹ (ਦਹਿਸ਼ਤਗਰਦ) ਸਰਹੱਦ ਦੇ ਉਸ ਪਾਸੇ ਹਨ, ਜੋ ਬਦਲਾ ਲੈਣ ਤੋਂ ਰੋਕਦਾ ਹੈ, ਤਾਂ ਮੈਨੂੰ ਲੱਗਦਾ ਹੈ, ਇਹ ਇੱਕ ਅਜਿਹਾ ਪ੍ਰਸਤਾਵ ਹੈ ਜਿਸਨੂੰ ਚੁਣੌਤੀ ਦੇਣ ਦੀ ਲੋੜ ਹੈ ਅਤੇ ਅਸੀਂ ਇਹੀ ਕੀਤਾ।’’
ਜੈਸ਼ੰਕਰ ਇਸ ਵੇਲੇ ਅਮਰੀਕਾ ਦੇ ਅਧਿਕਾਰਤ ਦੌਰੇ ’ਤੇ ਹਨ ਅਤੇ ਮੰਗਲਵਾਰ ਨੂੰ ‘ਕੁਆਡ’ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਾਸ਼ਿੰਗਟਨ ਡੀਸੀ ਜਾਣਗੇ। ਉਨ੍ਹਾਂ ਆਪਣੀ ਫੇਰੀ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵੱਲੋਂ 'ਦਿ ਹਿਊਮਨ ਕੋਸਟ ਆਫ ਟੈਰੋਰਿਜ਼ਮ' ਸਿਰਲੇਖ ਵਾਲੀ ਇੱਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਕੀਤੀ। -ਪੀਟੀਆਈ