Pahalgam Terror Attack: ਪਹਿਲਗਾਮ ਦੇ ਦੋ ਆਦਿਲ: ਇਕ ਰਾਖਵਾਲਾ ਨਾਇਕ ਤੇ ਦੂਜਾ ਕਾਤਿਲ
ਸ੍ਰੀਨਗਰ, 25 ਅਪਰੈਲ
ਇਹ ਦੋ ਆਦਿਲਾਂ ਦੀ ਕਹਾਣੀ ਹੈ - ਇੱਕ ਉਹ ਜਿਸ ਨੇ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਵਾਰ ਦਿੱਤੀ ਅਤੇ ਆਪਣੀ ਛਾਤੀ ਵਿੱਚ ਤਿੰਨ ਗੋਲੀਆਂ ਖਾਧੀਆਂ ਅਤੇ ਦੂਜਾ ਉਹ ਜਿਸ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਅਤੇ ਆਪਣੇ ਸਾਥੀ ਦਹਿਸ਼ਤਗਰਦਾਂ ਨਾਲ ਮਿਲ ਕੇ 26 ਲੋਕ (ਸਾਰੇ ਮਰਦ) ਮਾਰੇ ਮੁਕਾਏ, ਜਿਨ੍ਹਾਂ ਵਿਚੋਂ ਬਹੁਤੇ ਸੈਲਾਨੀ ਸਨ।
ਸੁਰੱਖਿਆ ਏਜੰਸੀਆਂ ਵੱਲੋਂ ਉਨ੍ਹਾਂ ਦੇ ਨਾਵਾਂ ਨੂੰ ਇੱਕੋ ਜਿਹੇ ਉਚਾਰਿਆ ਗਿਆ ਪਰ ਲਿਖਿਆ (ਅੰਗਰੇਜ਼ੀ ਅੱਖਰਾਂ ਵਿਚ) ਵੱਖਰੇ ਢੰਗ ਨਾਲ ਗਿਆ - ਆਦਿਲ ਠੋਕਰ ਉਰਫ ਆਦਿਲ ਗੁਰੀ (Aadil Thokar alias Aadil Guree) ਜੋ ਲਸ਼ਕਰ-ਏ-ਤੋਇਬਾ (Lashkar-e-Taiba - LeT) ਨਾਲ ਸਬੰਧਤ ਹੈ ਅਤੇ ਦੂਜਾ ਸਈਦ ਆਦਿਲ ਹੁਸੈਨ ਸ਼ਾਹ (Syed Adil Hussain Shah) ਇੱਕ ਦਲੇਰ ਇਨਸਾਨ ਸੀ। ਦੋਵੇਂ ਆਦਮੀ ਕਸ਼ਮੀਰ ਦੇ ਕਈ ਰੰਗਾਂ ਨੂੰ ਦਿਖਾਉਂਦੇ ਹਨ। ਉਨ੍ਹਾਂ ਦੀਆਂ ਬਹੁਤ ਵਖਰੇਵੇਂ ਭਰੀਆਂ ਜ਼ਿੰਦਗੀਆਂ ਸੰਘਰਸ਼ ਅਤੇ ਹਮਦਰਦੀ ਦੀ ਕਹਾਣੀ ਪਾਉਂਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਬਿਜਬੇਹਾੜਾ (Bijbehara) ਦੇ ਗੁਰੀ (Guree village) ਪਿੰਡ ਦਾ ਵਸਨੀਕ ਆਦਿਲ ਠੋਕਰ ਆਪਣੀ ਉਮਰ ਦੇ 20ਵਿਆਂ ਦੇ ਅਖ਼ੀਰਲੇ ਸਾਲਾਂ ਵਿੱਚ ਹੈ। ਆਦਿਲ ਹੁਸੈਨ ਉਸ ਤੋਂ ਰਤਾ ਕੁ ਵੱਡਾ 30 ਸਾਲ ਦਾ ਸੀ।
ਪਹਿਲਗਾਮ ਦੇ ਉੱਪਰਲੇ ਹਿੱਸੇ ਵਿੱਚ ਬੈਸਰਨ ਮੈਦਾਨ (Baisaran meadow ) ’ਚ 22 ਅਪਰੈਲ ਨੂੰ ਹੋਏ ਹਮਲੇ ਦੇ ਮੁੱਖ ਦੋਸ਼ੀ ਆਦਿਲ ਦਾ ਘਰ ਵੀਰਵਾਰ ਨੂੰ ਇੱਕ ਧਮਾਕੇ ਵਿੱਚ ਤਬਾਹ ਹੋ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ਦਾ ਅਸਲ ਕਾਰਨ ਕੀ ਸੀ। ਅਧਿਕਾਰੀਆਂ ਨੇ ਕਿਹਾ ਕਿ ਵਿਸਫੋਟਕ ਅੰਦਰ ਰੱਖੇ ਹੋਏ ਸਨ ਅਤੇ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਹ ਮਸਾਂ ਅੱਲ੍ਹੜ ਉਮਰ ਟੱਪਿਆ ਹੀ ਸੀ ਜਦੋਂ 2018 ਵਿੱਚ ਇੱਕ ਵੈਲਿਡ ਟ੍ਰੈਵਲ ਦਸਤਾਵੇਜ਼ (Valid Travel Document - VTD) 'ਤੇ ਪਾਕਿਸਤਾਨ ਚਲਾ ਗਿਆ। ਉਸ ਤੋਂ ਬਾਅਦ ਗਾਇਬ ਹੋ ਗਿਆ ਸੀ। ਜਲਦੀ ਹੀ ਰਿਪੋਰਟਾਂ ਆਈਆਂ ਕਿ ਉਹ ਪਾਬੰਦੀਸ਼ੁਦਾ ਪਾਕਿਸਤਾਨ-ਅਧਾਰਤ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਉਹ 2024 ਵਿੱਚ ਕੰਟਰੋਲ ਰੇਖਾ ਰਾਹੀਂ ਭਾਰਤ ਵਿੱਚ ਘੁਸਪੈਠ ਕਰ ਗਿਆ ਅਤੇ ਜੰਮੂ ਖੇਤਰ ਦੇ ਡੋਡਾ ਤੇ ਕਿਸ਼ਤਵਾੜ ਖੇਤਰਾਂ ਵਿੱਚ ਸਰਗਰਮ ਸੀ।
ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ ਹਮਲਾ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਸਭ ਤੋਂ ਭਿਆਨਕ ਹਮਲਾ ਸੀ। ਪੁਲਵਾਮਾ ਹਮਲੇ ਵਿਚ 40 CRPF ਜਵਾਨ ਮਾਰੇ ਗਏ ਸਨ। ਪਹਿਲਗਾਮ ਹਮਲੇ ਦੀ ਜਾਂਚ ਦਰਸਾਉਂਦੀ ਹੈ ਕਿ ਬੰਦੂਕਧਾਰੀਆਂ ਦੀ ਗਿਣਤੀ ਪੰਜ ਤੋਂ ਸੱਤ ਤੱਕ ਹੋ ਸਕਦੀ ਹੈ। ਉਨ੍ਹਾਂ ਦੀ ਮਦਦ ਘੱਟੋ-ਘੱਟ ਦੋ ਸਥਾਨਕ ਅੱਤਵਾਦੀਆਂ ਨੇ ਕੀਤੀ ਸੀ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਕੀਤੀ ਸੀ। ਭੱਜ ਰਿਹਾ ਆਦਿਲ ਉਨ੍ਹਾਂ ਵਿੱਚੋਂ ਇੱਕ ਸੀ। ਮਾਰੇ ਗਏ ਸੈਲਾਨੀਆਂ ਵਿੱਚੋਂ ਇੱਕ ਦੀ ਪਤਨੀ ਨੇ ਉਸਦੀ ਪਛਾਣ ਕੀਤੀ।
ਘੱਟੋ-ਘੱਟ ਛੇ ਤੋਂ ਸੱਤ ਤਸਵੀਰਾਂ ਚਸ਼ਮਦੀਦਾਂ ਨੂੰ ਦਿਖਾਈਆਂ ਗਈਆਂ। ਉਨ੍ਹਾਂ ਵਿੱਚੋਂ ਇੱਕ ਨੇ ਆਦਿਲ ਦੀ ਪਛਾਣ ਗੋਲੀ ਚਲਾਉਣ ਵਾਲੇ ਅੱਤਵਾਦੀ ਵਜੋਂ ਕੀਤੀ। ਇਸ ਤੋਂ ਬਾਅਦ, ਬੰਦੂਕਧਾਰੀ ਪੀਰ ਪੰਜਾਲ ਦੇ ਸੰਘਣੇ ਜੰਗਲਾਂ ਵਿੱਚ ਗਾਇਬ ਹੋ ਗਏ।
ਪਹਿਲਗਾਮ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਚਰਚਾ ਵਿਚ ਆਏ ਦੂਜੇ ਨੌਜਵਾਨ ਦੀ ਜ਼ਿੰਦਗੀ ਦਾ ਰਸਤਾ ਬਹੁਤ ਵੱਖਰਾ ਰਿਹਾ ਹੈ। ਇੱਕ ਜਿਥੇ ਕਾਤਲ ਹੈ, ਉਥੇ ਦੂਜਾ ਨਾਇਕ ਹੈ, ਜਿਸ ਨੂੰ ਹਜ਼ਾਰਾਂ ਲੋਕ ਪਿਆਰ ਕਰਦੇ ਸਨ ਅਤੇ ਉਸ ਦਾ ਸੋਗ ਮਨਾਉਂਦੇ ਹਨ।
ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਆਦਿਲ, ਸੈਲਾਨੀਆਂ ਨੂੰ ਪਹਿਲਗਾਮ ਸ਼ਹਿਰ ਤੋਂ ਛੇ ਕਿਲੋਮੀਟਰ ਦੀ ਦੂਰੀ 'ਤੇ ਆਪਣੇ ਘੋੜੇ 'ਤੇ ਵਿਸ਼ਾਲ ਹਰੇ ਘਾਹ ਦੇ ਮੈਦਾਨ ਤੱਕ ਲੈ ਕੇ ਗਿਆ। ਇਹ ਬੈਸਰਨ ਮੈਦਾਨ ਸੈਲਾਨੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਹੈ।
ਉਹ ਦਿਨ ਉਸ ਅਤੇ ਪਰਿਵਾਰ ਲਈ ਕਿਸੇ ਵੀ ਹੋਰ ਦਿਨ ਵਾਂਗ ਸ਼ੁਰੂ ਹੋਇਆ ਹੋਣਾ ਚਾਹੀਦਾ ਹੈ। ਆਦਿਲ ਦੇ ਭਰਾ ਸਈਦ ਨੌਸ਼ਾਦ ਨੇ ਕਿਹਾ, ‘‘ਮੰਗਲਵਾਰ ਦੁਪਹਿਰ ਨੂੰ ਜਦੋਂ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਹਮਲਾ ਕੀਤਾ, ਤਾਂ ਮੇਰੇ ਭਰਾ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਸੈਲਾਨੀ ਜਿਸ ਦਾ ਪਿਤਾ ਹਮਲੇ ਵਿੱਚ ਮਾਰਿਆ ਗਿਆ, ਨੇ ਮੈਨੂੰ SMHS ਹਸਪਤਾਲ ਵਿੱਚ ਮੇਰੇ ਭਰਾ ਦੇ ਬਹਾਦਰੀ ਭਰੇ ਕਾਰਨਾਮੇ ਬਾਰੇ ਦੱਸਿਆ।” ਉਸ ਨੇ ਕਿਹਾ ਕਿ ਕਾਤਲਾਂ ਨੇ ਆਦਿਲ ਦੀ ਛਾਤੀ ਵਿੱਚ ਤਿੰਨ ਗੋਲੀਆਂ ਮਾਰੀਆਂ।
ਆਦਿਲ ਇਕਲੌਤਾ ਕਸ਼ਮੀਰੀ ਸੀ ਜਿਸ ਨੂੰ ਹਥਿਆਰਬੰਦ ਬੰਦੂਕਧਾਰੀਆਂ ਨੇ ਇਸ ਹਮਲੇ ਵਿਚ ਮਾਰ ਮੁਕਾਇਆ। ਦਹਿਸ਼ਤਗਰਦਾਂ ਨੇ ਇਸ ਹਮਲੇ ਰਾਹੀਂ ਖਾਸ ਤੌਰ 'ਤੇ ਸੈਰ-ਸਪਾਟੇ ਨੂੰ ਨਿਸ਼ਾਨਾ ਬਣਾਇਆ। ਗ਼ੌਰਤਲਬ ਹੈ ਕਿ ਕਸ਼ਮੀਰ ਦਾ ਅਰਥਚਾਰਾ ਮੁੱਖ ਤੌਰ ’ਤੇ ਸੈਰ-ਸਪਾਟੇ ਉਤੇ ਹੀ ਨਿਰਭਰ ਹੈ।
ਨੌਸ਼ਾਦ ਨੇ ਕਿਹਾ ਕਿ ਉਸਦੇ ਭਰਾ ਦੀ ਕੁਰਬਾਨੀ ਪਰਿਵਾਰ ਅਤੇ ਦੋਸਤਾਂ ਲਈ ਇੱਕ "ਮਾਣ ਵਾਲਾ ਪਲ" ਹੈ। ਉਸਦੀ ਭੈਣ ਅਸਮਾ ਨੇ ਕਿਹਾ, ‘‘ਸਵੇਰੇ, ਮੈਂ ਉਸਨੂੰ ਕਿਹਾ ਕਿ ਉਹ ਕੰਮ ਉਤੇ ਨਾ ਜਾਵੇ ਜਿਵੇਂ ਮੈਨੂੰ ਪਤਾ ਸੀ ਕਿ ਕੁਝ ਬੁਰਾ ਹੋਣ ਵਾਲਾ ਹੈ। ਪਰ ਉਸਨੇ ਮੇਰੀ ਗੱਲ ਨਹੀਂ ਸੁਣੀ ਅਤੇ ਚਲਾ ਗਿਆ।" ਉਸ ਨੇ ਕਿਹਾ ਕਿ ਉਸ ਦਾ ਭਰਾ ਬਹੁਤ ਬਹਾਦਰ ਸੀ, ਜੋ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਸੀ।
ਉਸਦੇ ਦੁਖੀ ਪਿਤਾ ਸਈਦ ਹੈਦਰ ਸ਼ਾਹ ਨੇ ਕਿਹਾ ਕਿ ਉਹ ਉਸ ਦੇ ਸਭ ਤੋਂ ਦਿਆਲੂ ਬੱਚਿਆਂ ਵਿੱਚੋਂ ਸੀ। ਉਨ੍ਹਾਂ ਕਿਹਾ, "ਇਸ ਪਿੰਡ ਦੇ ਬਹੁਤ ਸਾਰੇ ਮੁੰਡੇ ਪਹਿਲਗਾਮ ਵਿਚ ਰੁਜ਼ਗਾਰ ਦੀ ਤਲਾਸ਼ ’ਚ ਜਾਂਦੇ ਹਨ, ਪਰ ਕੌਣ ਜਾਣਦਾ ਸੀ ਕਿ ਅਜਿਹਾ ਹੋਣ ਵਾਲਾ ਹੈ। ਅੱਤਵਾਦੀਆਂ ਨੇ ਮੇਰੇ ਪੁੱਤਰ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਸਨੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।" ਉਸਨੇ ਕਿਹਾ ਕਿ ਬੈਸਰਨ ਵਿੱਚ ਕੋਈ ਮੋਬਾਈਲ ਕੁਨੈਕਟੀਵਿਟੀ ਨਹੀਂ ਹੈ। ਉਨ੍ਹਾਂ ਦੁਖੀ ਮਨ ਨਾਲ ਕਿਹਾ, "ਜਦੋਂ ਉਹ ਸ਼ਾਮ ਨੂੰ ਵਾਪਸ ਨਹੀਂ ਆਇਆ, ਤਾਂ ਅਸੀਂ ਉਸਨੂੰ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।’’
ਪਰਿਵਾਰ ਉਸ ਦੀ ਮੌਤ ’ਤੇ ਆਪਣੇ ਦੁੱਖ ਵਿੱਚ ਇਕੱਲਾ ਨਹੀਂ ਸੀ। ਪਹਿਲਗਾਮ ਨੇੜਲੇ ਉਸਦੇ ਜੱਦੀ ਪਿੰਡ ਹਪਤਨਾਰਦ (village Hapatnard) ਵਿਚ ਉਸ ਸਮੇਂ ਸੈਂਕੜੇ ਲੋਕ ਇਕੱਠੇ ਹੋਏ ਜਦੋਂ ਉਸਨੂੰ ਦਫ਼ਨਾਇਆ ਗਿਆ। ਉਸ ਦੇ ਜਨਾਜ਼ੇ ਵਿੱਚ ਖ਼ੁਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Jammu and Kashmir Chief Minister Omar Abdullah) ਵੀ ਹਾਜ਼ਰ ਸਨ।
ਇਸ ਮੌਕੇ ਅਬਦੁੱਲਾ ਨੇ ਕਿਹਾ, "ਮੈਂ ਅੱਜ ਪਹਿਲਗਾਮ ਦਾ ਦੌਰਾ ਬਹਾਦਰ ਸ਼ਾਹ ਲਈ 'ਫ਼ਾਤਿਹਾ' (ਦਫ਼ਨਾਉਣ ਤੋਂ ਬਾਅਦ ਦੀ ਦੁਆ) ਕਰਨ ਲਈ ਕੀਤਾ, ਜਿਸ ਨੂੰ ਸੈਲਾਨੀਆਂ ਦੀ ਰੱਖਿਆ ਕਰਨ ਦੀ ਹਿੰਮਤ ਕਰਦਿਆਂ ਇੱਕ ਅੱਤਵਾਦੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਸਮੇਂ ਗੋਲੀ ਮਾਰ ਦਿੱਤੀ ਗਈ ਸੀ।’’
Visited Pahalgam today to offer Fatiha for brave heart Syed Adil Hussain Shah, who was shot dead while trying to snatch a weapon from one of the terrorists in a courageous attempt to protect the tourists he had ferried on horseback from the parking area to Baisaran meadow. Met… pic.twitter.com/VrxR4gJ3tO
— Office of Chief Minister, J&K (@CM_JnK) April 23, 2025
ਮੁੱਖ ਮੰਤਰੀ ਨੇ X 'ਤੇ ਆਪਣੇ ਦਫ਼ਤਰ ਰਾਹੀਂ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ, "ਉਸਦੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ - ਆਦਿਲ (ਸ਼ਾਹ) ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ, ਅਤੇ ਉਸਦੀ ਲਾਸਾਨੀ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"
ਸ਼ਾਹ ਦੇ ਸਸਕਾਰ ਦੀ ਨਮਾਜ਼ ਦੀ ਅਗਵਾਈ ਕਰਨ ਵਾਲੇ ਗੁਲਾਮ ਹਸਨ ਨੇ ਨੌਜਵਾਨ ਦੀ ਕੁਰਬਾਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਆਦਿਲ ਦੀ ਹਿੰਮਤ ਲਈ ਸਲਾਮ ਕੀਤਾ ਅਤੇ ਕਿਹਾ ਕਿ ਅੱਲ੍ਹਾ ਉਸ ਨੂੰ ਉਸਦੇ ਕੰਮਾਂ ਦਾ ਫਲ ਦੇਵੇਗਾ। ਉਨ੍ਹਾਂ ਕਿਹਾ, "ਸਾਨੂੰ ਹਮੇਸ਼ਾ ਦੂਜਿਆਂ ਲਈ ਮਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਭਾਵੇਂ ਉਹ ਸਿੱਖ ਹੋਵੇ, ਪੰਡਿਤ ਹੋਵੇ ਜਾਂ ਮੁਸਲਮਾਨ। ਸਾਡਾ ਧਰਮ ਸਾਨੂੰ ਇਹੀ ਸਿਖਾਉਂਦਾ ਹੈ।" ਆਦਿਲ ਨੇ ਇਸੇ ਸਿਧਾਂਤ ਨੂੰ ਅਪਣਾਇਆ - ਅਤੇ ਉਸ ਲਈ ਜਾਨ ਵਾਰ ਗਿਆ। ਪੀਟੀਆਈ