Pahalgam Terror Attack: ਮੋਦੀ ਨੇ ਹਮਲੇ ਬਾਰੇ ਖੁਫ਼ੀਆ ਰਿਪੋਰਟ ਮਿਲਣ ਪਿੱਛੋਂ ਰੱਦ ਕੀਤਾ ਸੀ ਕਸ਼ਮੀਰ ਦੌਰਾ: ਖੜਗੇ
Pahalgam Terror Attack: PM Modi cancelled Kashmir visit after receiving intelligence report on terror attack; alleges Kharge
ਰਾਂਚੀ ਵਿੱਚ 'ਸੰਵਿਧਾਨ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਮੁਖੀ ਨੇ ਪਹਿਲਗਾਮ ਹਮਲੇ ਨੂੰ 'ਖੁਫ਼ੀਆ ਨਾਕਾਮੀ' ਕਰਾਰ ਦਿੱਤਾ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 6 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress president Mallikarjun Kharge) ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਪਿਛਲੇ ਮਹੀਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ "ਤਿੰਨ ਦਿਨ ਪਹਿਲਾਂ ਇੱਕ ਖੁਫ਼ੀਆ ਰਿਪੋਰਟ ਮਿਲਣ" ਕਾਰਨ ਆਪਣਾ ਕਸ਼ਮੀਰ ਦੌਰਾ ਰੱਦ ਕਰ ਦਿੱਤਾ ਸੀ।
ਝਾਰਖੰਡ ਦੇ ਰਾਂਚੀ ਵਿੱਚ ‘ਸੰਵਿਧਾਨ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਦੇਸ਼ ਦੇ ਖੁਫ਼ੀਆ ਤੰਤਰ ਦੀ ਨਾਕਾਮੀ ਕਰਾਰ ਦਿੱਤਾ।
ਉਨ੍ਹਾਂ ਕਿਹਾ, “ਸਰਕਾਰ ਨੇ ਇਸ ਨੂੰ ਕਬੂਲ ਕਰ ਲਿਆ ਹੈ ਅਤੇ ਉਹ ਇਸ ਨੂੰ ਹੱਲ ਕਰਨਗੇ। ਜੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ, ਤਾਂ ਉਨ੍ਹਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਮੈਨੂੰ ਜਾਣਕਾਰੀ ਮਿਲੀ ਹੈ ਕਿ ਹਮਲੇ ਤੋਂ 3 ਦਿਨ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਖੁਫ਼ੀਆ ਰਿਪੋਰਟ ਭੇਜੀ ਗਈ ਸੀ। ਚੇਤਾਵਨੀ ਮਿਲਣ ਤੋਂ ਬਾਅਦ ਉਨ੍ਹਾਂ ਕਸ਼ਮੀਰ ਦਾ ਆਪਣਾ ਤੈਅਸ਼ੁਦਾ ਦੌਰਾ ਰੱਦ ਕਰ ਦਿੱਤਾ। ਮੈਂ ਇਹ ਇੱਕ ਅਖਬਾਰ ਵਿੱਚ ਵੀ ਪੜ੍ਹਿਆ ਹੈ।”
ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ, "ਜਦੋਂ ਖੁਫ਼ੀਆ ਏਜੰਸੀਆਂ ਨੇ ਤੁਹਾਨੂੰ ਆਪਣੀ ਸੁਰੱਖਿਆ ਲਈ ਨਾ ਜਾਣ ਦੀ ਸਲਾਹ ਦਿੱਤੀ ਸੀ, ਤਾਂ ਤੁਸੀਂ ਆਮ ਲੋਕਾਂ ਦੀ ਸੁਰੱਖਿਆ ਲਈ ਸੁਰੱਖਿਆ ਬਲਾਂ ਅਤੇ ਪੁਲੀਸ ਨਾਲ ਉਹ ਜਾਣਕਾਰੀ ਕਿਉਂ ਨਹੀਂ ਸਾਂਝੀ ਕੀਤੀ?"
ਕਾਂਗਰਸ ਪ੍ਰਧਾਨ ਨੇ ਕੇਂਦਰ ਸਰਕਾਰ ਦੀ ਇਸ ਗੱਲ 'ਤੇ ਵੀ ਆਲੋਚਨਾ ਕੀਤੀ ਕਿ ਉਸ ਨੇ ਅਗਾਊਂ ਤੌਰ ’ਤੇ ਖੁਫ਼ੀਆ ਜਾਣਕਾਰੀ ਹੋਣ ਦੇ ਬਾਵਜੂਦ ਇਲਾਕੇ ਵਿੱਚ ਸੁਰੱਖਿਆ ਕਿਉਂ ਨਹੀਂ ਵਧਾਈ। ਉਨ੍ਹਾਂ ਪੁੱਛਿਆ, "ਕੇਂਦਰ ਨੇ ਪਹਿਲਗਾਮ ਵਿੱਚ ਹੋਰ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਤਾਇਨਾਤ ਕੀਤੇ, ਇਹ ਜਾਣਦੇ ਹੋਏ ਵੀ ਕਿ ਅੱਤਵਾਦੀ ਹਮਲੇ ਦਾ ਖ਼ਤਰਾ ਸੀ?"