ਪਹਿਲਗਾਮ ਹਮਲਾ: ਸਲਾਮਤੀ ਕੌਂਸਲ ਦੀ ਰਿਪੋਰਟ ’ਚ ਟੀਆਰਐੱਫ ਦਾ ਜ਼ਿਕਰ
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਪਹਿਲੀ ਵਾਰ ਆਪਣੀ ਰਿਪੋਰਟ ’ਚ ਪਹਿਲਗਾਮ ਹਮਲੇ ’ਚ ਭੂਮਿਕਾ ਲਈ ਲਸ਼ਕਰ-ਏ-ਤਇਬਾ ਨਾਲ ਜੁੜੀ ਦਹਿਸ਼ਤੀ ਜਥੇਬੰਦੀ ‘ਦਿ ਰਜ਼ਿਸਟੈਂਸ ਫਰੰਟ’ (ਟੀਆਰਐੱਫ) ਦੇ ਨਾਮ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਪਾਕਿਸਤਾਨ ਸਮਰਥਿਤ ਸਰਹੱਦ ਪਾਰ ਅਤਿਵਾਦ ਖ਼ਿਲਾਫ਼ ਭਾਰਤ ਦੀ ਕੂਟਨੀਤਕ ਮੁਹਿੰਮ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਸਲਾਮਤੀ ਕੌਂਸਲ ਦੀ ਨਿਗਰਾਨ ਟੀਮ ਦੀ ਰਿਪੋਰਟ ’ਚ ਮੈਂਬਰ ਮੁਲਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ’ਚ 22 ਅਪਰੈਲ ਨੂੰ ਦਹਿਸ਼ਤੀ ਹਮਲਾ ਲਸ਼ਕਰ-ਏ-ਤਇਬਾ ਦੀ ਹਮਾਇਤ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਟੀਆਰਐੱਫ ਤੇ ਲਸ਼ਕਰ ਵਿਚਾਲੇ ਸਬੰਧ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਘਟਨਾਕ੍ਰਮ ਅਹਿਮ ਹੈ ਕਿਉਂਕਿ ਸਲਾਮਤੀ ਕੌਂਸਲ ਦੀ 1267 ਪਾਬੰਦੀ ਕਮੇਟੀ ਦੇ ਸਾਰੇ ਫ਼ੈਸਲੇ, ਜਿਨ੍ਹਾਂ ’ਚ ਰਿਪੋਰਟ ਵੀ ਸ਼ਾਮਲ ਹੈ, ਸੰਯੁਕਤ ਰਾਸ਼ਟਰ ਦੀ ਸਿਖਰਲੀ ਸੰਸਥਾ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਅਪਣਾਏ ਜਾਂਦੇ ਹਨ। ਨਾਮ ਨਾ ਦੱਸਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਟੀਆਰਐੱਫ ਦਾ ਜ਼ਿਕਰ ਇਸ ਗੱਲ ਦਾ ਸੰਕੇਤ ਹੈ ਕਿ ਦੁਨੀਆ ਪਾਕਿਸਤਾਨ ਦੇ ‘ਝੂਠ ਅਤੇ ਫ਼ਰਜ਼ੀ ਬਿਰਤਾਂਤ’ ਨੂੰ ਕਿਵੇਂ ਦੇਖਦੀ ਹੈ।