ਪਹਿਲਗਾਮ ਹਮਲਾ: ਕਟਾਰੀ ਨੇ ਦਹਿਸ਼ਤਗਰਦਾਂ ਨਾਲ ਕੀਤੀ ਸੀ ਮੁਲਾਕਾਤ
ਪੁਲੀਸ ਨੇ ਅਤਿਵਾਦੀਆਂ ਦੀ ਮਦਦ ਦੇ ਦੋਸ਼ ਹੇਠ ਪਿਛਲੇ ਮਹੀਨੇ ਕੀਤਾ ਸੀ ਗ੍ਰਿਫ਼ਤਾਰ; ਸਬੂਤਾਂ ਦੀ ਫੋਰੈਂਸਿਕ ਜਾਂਚ ਮਗਰੋਂ ਮਿਲੀ ਸਫਲਤਾ
ਜੰਮੂ-ਕਸ਼ਮੀਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਓਵਰ ਗਰਾਊਂਡ ਵਰਕਰ (ਓ ਜੀ ਡਬਲਿਊ) ਮੁਹੰਮਦ ਯੂਸਫ ਕਟਾਰੀ ਨੇ 22 ਅਪਰੈਲ ਨੂੰ ਪਹਿਲਗਾਮ ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਨਾਲ ਚਾਰ ਵਾਰ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਐਂਡਰਾਇਡ ਫ਼ੋਨ ਦਾ ਚਾਰਜਰ ਸੌਂਪਿਆ ਸੀ। ਇਹ ਚਾਰਜਰ ਹੀ ਉਸ ਦੀ ਗ੍ਰਿਫ਼ਤਾਰੀ ਦਾ ਕਾਰਨ ਬਣਿਆ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ 26 ਸਾਲਾ ਕਟਾਰੀ ਨੂੰ ਸਤੰਬਰ ਦੇ ਆਖਰੀ ਹਫ਼ਤੇ ਸੁਲੇਮਾਨ ਉਰਫ਼ ਆਸਿਫ਼, ਜਿਬਰਾਨ ਅਤੇ ਹਮਜ਼ਾ ਅਫਗਾਨੀ ਨਾਂ ਦੇ ਤਿੰਨ ਦਹਿਸ਼ਤਗਰਦਾਂ ਦੀ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤਿੰਨਾਂ ਦਹਿਸ਼ਤਗਰਦਾਂ ਨੇ ਹੀ ਪਹਿਲਗਾਮ ਵਿੱਚ 26 ਵਿਅਕਤੀਆਂ ਦੀ ਹੱਤਿਆ ਕੀਤੀ ਸੀ। ਕਟਾਰੀ ਨੇ ਪੁੱਛ-ਪੜਤਾਲ ਦੌਰਾਨ ਪੁਲੀਸ ਨੂੰ ਦੱਸਿਆ ਕਿ ਉਸ ਨੇ ਸ੍ਰੀਨਗਰ ਸ਼ਹਿਰ ਦੇ ਬਾਹਰ ਜ਼ਬਰਵਾਨ ਪਹਾੜੀਆਂ ਵਿੱਚ ਤਿੰਨਾਂ ਨਾਲ ਚਾਰ ਵਾਰ ਮੁਲਾਕਾਤ ਕੀਤੀ ਸੀ। ਉਸ ਦੀ ਗ੍ਰਿਫ਼ਤਾਰੀ ਹਫ਼ਤਿਆਂ ਦੀ ਜਾਂਚ ਤੋਂ ਬਾਅਦ ਹੋਈ ਹੈ। ਇਹ ਸਫਲਤਾ ਜੁਲਾਈ ਵਿੱਚ ਸ਼ੁਰੂ ਕੀਤੇ ਗਏ ਅਤਿਵਾਦ ਵਿਰੋਧੀ ‘ਅਪਰੇਸ਼ਨ ਮਹਾਦੇਵ’ ਦੌਰਾਨ ਮਿਲੇ ਸਬੂਤਾਂ ਦੀ ਡੂੰਘਾਈ ਨਾਲ ਫੋਰੈਂਸਿਕ ਜਾਂਚ ਤੋਂ ਬਾਅਦ ਮਿਲੀ।
ਪੁਲੀਸ ਨੇ ਅਪਰੇਸ਼ਨ ਦੌਰਾਨ ਬਰਾਮਦ ਹੋਈਆਂ ਕਈ ਚੀਜ਼ਾਂ ’ਚੋਂ ਇੱਕ ਅੱਧ-ਸੜੇ ਐਂਡਰਾਇਡ ਮੋਬਾਈਲ ਦੇ ਚਾਰਜਰ ਦੀ ਜਾਂਚ ਤੋਂ ਬਾਅਦ ਕਟਾਰੀ ’ਤੇ ਧਿਆਨ ਕੇਂਦਰਿਤ ਕੀਤਾ। ਸ੍ਰੀਨਗਰ ਪੁਲੀਸ ਨੇ ਲੰਬੀ ਜਾਂਚ ਤੋਂ ਬਾਅਦ ਚਾਰਜਰ ਦੇ ਅਸਲ ਮਾਲਕ ਦਾ ਪਤਾ ਲਾਇਆ, ਜਿਸ ਨੇ ਪੁਲੀਸ ਨੂੰ ਕਟਾਰੀ ਤੱਕ ਪਹੁੰਚਣ ਵਿੱਚ ਮਦਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕਟਾਰੀ ਉੱਚੇ ਇਲਾਕਿਆਂ ਵਿੱਚ ਖਾਨਾਬਦੋਸ਼ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਸੀ। ਉਹ ਅਤਿਵਾਦੀ ਗਰੁੱਪ ਲਈ ਮੁੱਖ ਸਰੋਤ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਦਹਿਸ਼ਤਗਰਦਾਂ ਨੂੰ ਚਾਰਜਰ ਦਿੱਤਾ ਅਤੇ ਮੁਸ਼ਕਲ ਇਲਾਕਿਆਂ ’ਚੋਂ ਰਸਤਾ ਦਿਖਾਇਆ। ਜ਼ਿਕਰਯੋਗ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਦਾ ਮਾਸਟਰਮਾਈਂਡ ਸੁਲੇਮਾਨ ਉਰਫ਼ ਆਸਿਫ਼, ਜਿਬਰਾਨ ਅਤੇ ਹਮਜ਼ਾ ਅਫਗਾਨੀ 29 ਜੁਲਾਈ ਨੂੰ ‘ਅਪਰੇਸ਼ਨ ਮਹਾਦੇਵ’ ਤਹਿਤ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ।
ਐੱਨ ਆਈ ਏ ਨੂੰ ਸੌਂਪਿਆ ਜਾ ਸਕਦੈ ਮਾਮਲਾ
ਇਸ ਗ੍ਰਿਫ਼ਤਾਰੀ ਨੂੰ ਕਸ਼ਮੀਰ ਵਾਦੀ ਵਿੱਚ ਕੰਮ ਕਰ ਰਹੇ ਅਤਿਵਾਦੀ ਸਹਾਇਤਾ ਨੈੱਟਵਰਕ ਨੂੰ ਖ਼ਤਮ ਕਰਨ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਇਹ ਕੇਸ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੂੰ ਸੌਂਪਿਆ ਜਾ ਸਕਦਾ ਹੈ, ਜੋ ਪਹਿਲਾਂ ਹੀ ਦਹਿਸ਼ਤੀ ਹਮਲੇ ਦੀ ਵੱਡੀ ਸਾਜ਼ਿਸ਼ ਦੀ ਜਾਂਚ ਕਰ ਰਹੀ ਹੈ। ਐੱਨ ਆਈ ਏ ਨੇ ਇਸ ਮਾਮਲੇ ਵਿੱਚ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।