ਜੰਮੂ ਕਸ਼ਮੀਰ ’ਚ ਸ੍ਰੀਨਗਰ ਦੇ ਬਾਹਰ-ਵਾਰ ਜੰਗਲੀ ਇਲਾਕੇ ’ਚ ਅੱਜ ਸੈਨਾ ਦੇ ਪੈਰਾ ਕਮਾਂਡੋ ਨੇ ‘ਅਪਰੇਸ਼ਨ ਮਹਾਦੇਵ’ ਤਹਿਤ ਮੁਕਾਬਲੇ ’ਚ ਪਹਿਲਗਾਮ ਅਤਿਵਾਦੀ ਹਮਲੇ ਦੇ ਮੁੱਖ ਸਰਗਣੇ ਅਤੇ ਉਸ ਦੇ ਦੋ ਸਾਥੀਆਂ ਨੂੰ ਮਾਰ ਮੁਕਾਇਆ ਹੈ ਜਿਸ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ’ਚੋਂ ਇੱਕ ਪਿਛਲੇ ਸਾਲ ਸੋਨਮਰਗ ਸੁਰੰਗ ਪ੍ਰਾਜੈਕਟ ’ਤੇ ਹੋਏ ਹਮਲੇ ’ਚ ਸ਼ਾਮਲ ਸੀ।ਅਧਿਕਾਰੀਆਂ ਨੇ ਦੱਸਿਆ ਕਿ 22 ਅਪਰੈਲ ਦੇ ਪਹਿਲਗਾਮ ਹਮਲੇ ਦਾ ਮੁੱਖ ਸਰਗਣਾ ਮੰਨਿਆ ਜਾ ਰਿਹਾ ਸੁਲੇਮਾਨ ਉਰਫ਼ ਆਸਿਫ ਅੱਜ ਉਸ ਸਮੇਂ ਮਾਰਿਆ ਗਿਆ ਜਦੋਂ ਸੁਰੱਖਿਆ ਬਲਾਂ ਨੇ ਇੱਕ ਤਕਨੀਕੀ ਸੰਕੇਤ ਮਿਲਣ ਮਗਰੋਂ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਹ ਤਕਨੀਕੀ ਸੰਕੇਤ ਇੱਕ ਅਜਿਹੇ ਸੈਟੇਲਾਈਟ ਫੋਨ ਦੀ ਵਰਤੋਂ ਵੱਲ ਇਸ਼ਾਰਾ ਕਰ ਰਿਹਾ ਸੀ ਜਿਸ ਦੀ ਵਰਤੋਂ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੈਨਾ ਦੀ ਕਾਰਵਾਈ ’ਚ ਮਾਰੇ ਗਏ ਅਤਿਵਾਦੀਆਂ ’ਚੋਂ ਇੱਕ ਦੀ ਪਛਾਣ ਜਿਬਰਾਨ ਵਜੋਂ ਹੋਈ ਹੈ ਜੋ ਪਿਛਲੇ ਸਾਲ ਅਕਤੂਬਰ ’ਚ ਗਗਨਗੀਰ ’ਚ ਸੋਨਮਰਗ ਸੁਰੰਗ ਪ੍ਰਾਜੈਕਟ ’ਤੇ ਹਮਲੇ ’ਚ ਸ਼ਾਮਲ ਦੱਸਿਆ ਜਾ ਰਿਹਾ ਹੈ। ਇਸ ਹਮਲੇ ’ਚ ਇੱਕ ਡਾਕਟਰ ਸਣੇ ਸੱਤ ਵਿਅਕਤੀ ਮਾਰੇ ਗਏ ਸਨ। ਤੀਜੇ ਅਤਿਵਾਦੀ ਦੀ ਪਛਾਣ ਹਮਜ਼ਾ ਅਫਗਾਨੀ ਵਜੋਂ ਹੋਈ ਹੈ। ਇਸ ਮੁਹਿੰਮ ਦਾ ਕੋਡ ਨਾਮ ‘ਅਪਰੇਸ਼ਨ ਮਹਾਦੇਵ’ ਸੀ।ਅਧਿਕਾਰੀਆਂ ਅਨੁਸਾਰ ਸੈਨਾ ਨੇ ਇੱਕ ਤਕਨੀਕੀ ਸੰਕੇਤ ਮਿਲਣ ਮਗਰੋਂ ਹਰਵਨ ਦੇ ਜੰਗਲਾਂ ’ਚ ਮੁਹਿੰਮ ਸ਼ੁਰੂ ਕੀਤੀ ਜੋ ਪਹਿਲਗਾਮ ’ਚ ਅਤਿਵਾਦੀਆਂ ਵੱਲੋਂ ਵਰਤੇ ਗਏ ਉਪਕਰਨ ਦੀ ਤਰ੍ਹਾਂ ਸੀ। ਮੁਲਨਾਰ ਪਿੰਡ ’ਚ ਘੇਰਾਬੰਦੀ ਤੇ ਤਲਾਸ਼ੀ ਦੌਰਾਨ ਹੋਈ ਗੋਲੀਬਾਰੀ ’ਚ ਅਤਿਵਾਦੀ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਇੱਕ ਐੱਮ-4 ਕਾਰਬਾਈਨ ਰਾਈਫਲ, ਦੋ ਏਕੇ ਰਾਈਫਲਾਂ ਤੇ ਹੋਰ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।ਇੱਕ ਅਧਿਕਾਰੀ ਨੇ ਦੱਸਿਆ ਕਿ ਤਕਰੀਬਨ ਸਾਢੇ ਗਿਆਰਾਂ ਵਜੇ 24 ਰਾਸ਼ਟਰੀ ਰਾਈਫਲਜ਼ ਤੇ 4 ਪੈਰਾ ਯੂਨਿਟ ਦੇ ਜਵਾਨਾਂ ਵਾਲੀ ਇੱਕ ਟੁਕੜੀ ਨੇ ਤਿੰਨ ਅਤਿਵਾਦੀਆਂ ਦੇ ਗਰੁੱਪ ਦਾ ਪਤਾ ਲਾਇਆ ਅਤੇ ਉਨ੍ਹਾਂ ਨੂੰ ਹਮਲਾ ਕਰਕੇ ਮਾਰ ਮੁਕਾਇਆ। ਪੁਲੀਸ ਦੇ ਆਈਜੀ (ਕਸ਼ਮੀਰ ਜ਼ੋਨ) ਵੀਕੇ ਬਿਰਦੀ ਨੇ ਕਿਹਾ ਕਿ ਇਹ ਇੱਕ ਲੰਮੀ ਮੁਹਿੰਮ ਸੀ ਜੋ ਅੰਤਿਮ ਰਿਪੋਰਟ ਮਿਲਣ ਤੱਕ ਜਾਰੀ ਸੀ। ਉਨ੍ਹਾਂ ਕਿਹਾ ਕਿ ਮੁਹਿੰਮ ਖਤਮ ਹੋਣ ਮਗਰੋਂ ਪੂਰੀ ਜਾਣਕਾਰੀ ਜਨਤਕ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਸੀ ਕਿ ਅਰਪੇਸ਼ਨ ਮਹਾਦੇਵ ਤਹਿਤ ਤਿੰਨ ਅਤਿਵਾਦੀ ਮਾਰੇ ਗਏ ਹਨ।